ਕੁਝ ਸ਼ਬਦ
ਮਨੁੱਖੀ ਸੱਭਿਅਤਾ ਪਿੰਡ ਵਿੱਚ ਹੀ ਹੋਂਦ ਵਿੱਚ ਆਈ। ਸ਼ਹਿਰੀਕਰਨ ਤਾਂ ਆਧੁਨਿਕਤਾ ਦੀ ਉਪਜ ਹੈ। ਸੱਭਿਅਤਾ ਦਾ ਪੰਘੂੜਾ ਹੋਣ ਦੇ ਬਾਵਜੂਦ ਪਿੰਡ ਗੰਭੀਰ ਸੰਕਟਾਂ ਦਾ ਸ਼ਿਕਾਰ ਹੈ। ਪਿੰਡ ਦੇ ਕਿਸਾਨ, ਮਜਦੂਰ ਕਰਜੇ ਕਾਰਨ ਖੁਦਕੁਸ਼ੀਆਂ ਕਰ ਰਹੇ ਹਨ ਤੇ ਜਵਾਨੀ ਨਸ਼ਿਆਂ ਦੀ ਡੂੰਘੀ ਦਲ ਦਲ ਵਿੱਚ ਧਸ ਰਹੀ ਹੈ। ਹਵਾ, ਪਾਣੀ ਅਤੇ ਮਿੱਟੀ ਦੇ ਪ੍ਰਦੂਸ਼ਣ ਕਾਰਨ ਪਿੰਡ ਹੁਣ ਸੁਡੌਲ ਜੁੱਸਿਆਂ ਵਾਲੇ ਗੱਭਰੂ, ਮੁਟਿਆਰਾਂ ਦਾ ਨਹੀਂ ਬਲਕਿ ਕੈਂਸਰ ਤੇ ਕਾਲੇ ਪੀਲੇ ਵਰਗੀਆਂ ਬਿਮਾਰੀਆਂ ਨਾਲ ਪੀਲੇ ਭੂਕ ਚਿਹਰਿਆਂ ਦੀ ਧਰਤੀ ਦਿਖਾਈ ਦਿੰਦਾ ਹੈ। ਪਿੰਡ ਦੀ ਨੌਜਵਾਨੀ ਅਤੇ ਸਰਕਾਰੀ ਮੁਲਾਜ਼ਮ ਪਿੰਡ ਨੂੰ ਬੇਦਾਵਾ ਦੇ ਵਿਦੇਸ਼ਾ ਤੇ ਸ਼ਹਿਰਾਂ ਵੱਲ ਹਿਜਰਤ ਕਰ ਰਹੇ ਹਨ। ਪਿੰਡ ਵਿੱਚ ਕਿਸੇ ਦਾ ਜੀਅ ਨਹੀਂ ਲੱਗ ਰਿਹਾ ਤੇ ਧੜੇ ਬੰਦੀ ਵਿੱਚ ਵੰਡੇ ਪਿੰਡ ਵਾਸੀ ਦੀ ਪਹਿਚਾਣ ਸਿਰਫ ਇੱਕ ਵੋਟ ਤੱਕ ਸਿਮਟ ਗਈ ਹੈ। ਭਾਈਚਾਰਕ ਸਾਝਾਂ ਤਾਰ-ਤਾਰ ਹੋ ਗਈਆਂ ਹਨ। ਰਿਸ਼ਤੇ ਵੇਲਾ ਵਿਹਾ ਚੁੱਕੇ ਹਨ। ਇੱਕ ਦੂਜੇ ਦੇ ਦੁੱਖ-ਸੁੱਖ ਵਿੱਚ ਸ਼ਾਮਿਲ ਹੋ ਕੇ ਮੱਦਦ ਕਰਨ ਦੀ ਖਾਸ ਖ਼ੂਬੀ ਹੁਣ ਕਿਤੇ ਨਹੀਂ ਹੈ। ਅੱਜ ਪੁਰਾਣੇ ਪਿੰਡ ਦੀ ਸੱਭਿਅਤਾ ਅਤੇ ਭਾਈਚਾਰਾ ਮਰ ਰਿਹਾ ਹੈ। ਘੱਗਰ ਦੇ ਕੰਢੇ ਰਮਣੀਕ ਥਾਂ ਤੇ ਵਸਾਏ ਇਸ ਪਿੰਡ ਦੀ ਜੀਵਨ ਰੇਖਾ “ਘੱਗਰ” ਹੁਣ ਕਾਲੇ ਪਾਣੀ ਵਿੱਚ ਬਦਲ ਚੁੱਕੀ ਹੈ। ਅਜਿਹੀ ਹਾਲਤ ਵਿੱਚ ਬਲਬੀਰ ਸਿੰਘ ਸਰਾਂ ਦਾ ਆਪਣੇ ਪਿੰਡ ਦਾ ਇਤਿਹਾਸ ਲਿਖ ਕੇ ਪਿੰਡ ਵਾਸੀਆਂ ਦੇ ਸਨਮੁੱਖ ਕਰਨਾ, ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਦਾ ਨਿੱਗਰ ਕਦਮ ਹੈ।
ਸੰਨ 1783 ਵਿੱਚ ਦਿੱਲੀ ਫਤਿਹ ਕਰਨ ਵਾਲੇ ਸਰਦਾਰ ਬਘੇਲ ਸਿੰਘ ਧਾਲੀਵਾਲ ਦਾ ਸੰਬੰਧ ਪਿਲਛੀਆਂ ਪਿੰਡ ਨਾਲ ਜੁੜਦਾ ਹੈ। ਨਵੰਬਰ1783 ਵਿੱਚ ਦਿੱਲੀ ਤੋਂ ਕੂਚ ਕਰਨ ਵੇਲੇ ਨਜ਼ਰਾਨੇ ਵਜੋਂ ਬਾਰਾਂ ਸੌ ਏਕੜ ਜ਼ਮੀਨ ਦਿੱਤੀ ਗਈ ਸੀ। ਜਿੱਥੇ ਇੰਡੀਆ ਗੇਟ, ਪਾਰਲੀਮੈਂਟ ਹਾਊਸ ਅਤੇ ਰਾਸ਼ਟਰਪਤੀ ਭਵਨ ਬਣਿਆ ਹੈ। ਉਸ ਵੇਲੇ ਸਿੰਘਾਂ ਵਿੱਚ ਇੱਕ ਕਹਾਵਤ ਸੀ ਕਿ “ਜਿਹੋ ਜਿਹੀ ਬਿੱਲੀ ਮਾਰ ਲਈ, ਉਹੋ ਜਿਹੀ ਦਿੱਲੀ ਮਾਰ ਲਈ”। ਇਸ ਲਈ ਅੱਜ ਸਮੇਂ ਦੀ ਅਣਸਰਦੀ ਲੋੜ ਹੈ ਕਿ ਅਸੀਂ ਨਸਲਾਂ ਬਚਾਉਣ ਲਈ ਅਗਲੀ ਪੀੜ੍ਹੀ ਨੂੰ ਪਿੰਡ ਨਾਲ ਜੋੜੀ ਰੱਖੀਏ।
ਡਾ. ਬਿੱਕਰਜੀਤ ਸਿੰਘ ਸਾਧੂਵਾਲਾ