ਕੁਝ ਸ਼ਬਦ
ਸਾਂਝੇ ਪੰਜਾਬ ਦੇ ਮਰਹੂਮ ਕਵੀ ਪੀਰ ਫਜ਼ਲ ਗੁਜਰਾਤੀ ਦੀ ਕਵਿਤਾ ਦੀਆਂ ਸਤਰਾਂ ਜਿਸ ਵਿੱਚ ਉਹ ਲਿਖਦਾ ਹੈ ਕਿ
“ਸੂਰਜ ਡੁੱਬਿਆ ਸ਼ਾਮਾਂ ਪਈਆਂ, ਛਾਇਆ ਘੁੱਪ ਹਨੇਰਾ
ਰਾਹ ਖਹਿੜਾ ਨਾ ਸੁੱਝੇ ਮੈਨੂੰ, ਫੜ ਚੰਨਾ ਹੱਥ ਮੇਰਾ।”
ਅਸਲ ਵਿੱਚ ਪੀਰ ਜੀ ਨੇ ਰਾਹ ਖਹਿੜਾ ਨਹੀਂ ਸੁੱਝਦਾ ਤਾਂ ਉਹਦੇ ਵਿੱਚੋਂ ਬਾਹਰ ਨਿਕਲਣ ਲਈ ਕਿਸੇ ਦੇਵੀ ਵੱਲੋਂ ਕੀਤੀ ਬੇਨਤੀ “ਫੜ ਚੰਨਾ ਹੱਥ ਮੇਰਾ” ਕਵਿਤਾ ਦਾ ਸਿਖ਼ਰ ਹੈ। ਸੋ ਮੇਰਾ ਵੱਡਾ ਵੀਰ ਨਛੱਤਰ ਸਿੰਘ ਭੋਗਲ ਜਦੋਂ ਵੀ ਲਿਖ ਕੇ ਆਪਣੀ ਕਵਿਤਾ ਮੇਰੇ ਨਾਲ਼ ਸਾਂਝੀ ਕਰਦਾ ਹੈ ਤਾਂ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਉਸਦਾ ਹੱਥ ਕਵਿਤਾ ਨੇ ਫੜਿਆ ਹੋਇਆ ਹੈ। ਕਿਉਂਕਿ ਇੱਕ ਵਿਸ਼ੇ ਉੱਪਰ ਤਾਂ ਕਿਸੇ ਵੀ ਕਵੀ ਦੀ ਮੁਹਾਰਤ ਹੋ ਸਕਦੀ ਹੈ। ਉਹ ਕਵੀ ਉਸ ਕਵਿਤਾ ਨੂੰ ਬੜੇ ਸੌਖ ਨਾਲ਼ ਲਿਖ ਸਕਦਾ ਹੈ। ਪਰ ਨਛੱਤਰ ਸਿੰਘ ਭੋਗਲ ਦੀ ਕਵਿਤਾ ਦੀ ਇਹ ਖ਼ਾਸੀਅਤ ਹੈ ਕਿ ਉਹ ਜਦੋਂ ਵੀ ਕਲਮ ਚੁੱਕਦਾ ਹੈ ਉਸਨੇ ਆਪਣੇ ਵਤਨ ਦੀ ਮਿੱਟੀ, ਧਰਮ ਕਰਮ, ਆਪਣੀ ਕੌਮ ਬਾਰੇ, ਬੋਲੀ ਵਿਰਾਸਤ, ਸੱਭਿਆਚਾਰ ਤੇ ਸਾਡੀਆਂ ਸਿਹਤਮੰਦ ਕਦਰਾਂ-ਕੀਮਤਾਂ ਜੋ ਸਾਡੇ ਵਤਨ ਤੇ ਵਿਦੇਸ਼ਾਂ ਦੀ ਧਰਤੀ ਉੱਤੇ ਸਾਡੇ ਪੁਰਖੇ ਸਾਂਭ ਕੇ ਰੱਖੀ ਬੈਠੇ ਹਨ। ਉਹਨਾਂ ਦੀਆਂ ਗੱਲਾਂ ਬੜੀ ਬੇਬਾਕੀ ਨਾਲ਼ ਕੀਤੀਆਂ ਹਨ ਅਤੇ ਮੈਨੂੰ ਇਸ ਤਰ੍ਹਾਂ ਨਜ਼ਰ ਆਉਂਦਾ ਹੈ ਕਿ ਨਛੱਤਰ ਸਿੰਘ ਭੋਗਲ ਪੰਜਾਬੀ ਦਾ ਲੋਕ ਕਵੀ ਹੈ।
ਇੱਕ ਹੋਰ ਗੱਲ ਜਰੂਰ ਸਾਂਝੀ ਕਰਨੀ ਚਾਹਾਂਗਾ ਕਿ ਜਦੋਂ ਪਹਿਲੀ ਵਾਰ ਨਛੱਤਰ ਸਿੰਘ ਭੋਗਲ ਨੇ ਆਪਣੀ ਕਿਤਾਬ “ਕਲਮ ਤਾਂਈਂ ਫ਼ਰਿਆਦ” ਛਪਵਾਉਣ ਲਈ ਯੂਰਪੀਨ ਪੰਜਾਬੀ ਸੱਥ ਯੂ.ਕੇ ਨੂੰ ਦਿੱਤੀ ਤਾਂ ਮੈਂ ਉਸਦੀਆਂ ਕਵਿਤਾਵਾਂ ਪੜ੍ਹ ਕੇ ਦੇਖੀਆਂ ਜੋ ਆਮ ਕਵਿਤਾ ਨਾਲ਼ੋਂ ਬਹੁਤ ਲੰਬੀਆਂ ਸਨ। ਪਰ ਉਹਨਾਂ ਦਾ ਖਾਸ ਗੁਣ ਇਹ ਹੈ ਕਿ ਨਛੱਤਰ ਸਿੰਘ ਭੋਗਲ ਦੀ ਕਵਿਤਾ ਲੰਬੀ ਹੋਣ ਦੇ ਬਾਵਜੂਦ ਠੇਠ ਅਲੰਕਾਰਾਂ ਨਾਲ਼ ਭਰਪੂਰ ਅਤੇ ਆਪਣੇ ਵਿਸ਼ੇ ਦੇ ਦੁਆਲ਼ੇ ਘੁੰਮਣ ਦੇ ਨਾਲ਼-ਨਾਲ਼ ਆਪਣੇ ਪਾਠਕ ਨੂੰ ਆਨੰਦਿਤ ਕਰਨ ਦਾ ਹੁਨਰ ਵੀ ਰੱਖਦੀ ਹੈ। ਮੈਂ ਨਛੱਤਰ ਸਿੰਘ ਭੋਗਲ ਦੀ ਸਿਹਤਯਾਬੀ ਲਈ ਦੁਆ ਕਰਦਾ ਹੋਇਆ ਉਸਨੂੰ ਹੱਥਲੇ ਕਾਵਿ ਸੰਗ੍ਰਹਿ “ਜੀਵਨਧਾਰਾ” ਲਈ ਸ਼ੁਭਕਾਮਨਾਵਾਂ ਸਹਿਤ ਹਾਰਦਿਕ ਵਧਾਈ ਦਿੰਦਾ ਹਾਂ।
ਮੋਤਾ ਸਿੰਘ ਸਰਾਏ
ਸੰਚਾਲਕ ਯੂਰਪੀਨ ਪੰਜਾਬੀ ਸੱਥ, ਵਾਲਸਾਲ ਯੂ.ਕੇ