ਬਲਰਾਜ ਮਾਨ ਦੇ ਨਾਟ ਸੰਗ੍ਰਹਿ ‘ਡੰਡੀਆਂ’ ਦੇ ਪਾਠ ਉਪਰੰਤ ਇਹ ਤੱਥ ਸਹਿਜੇ ਹੀ ਸਪਸ਼ਟ ਹੁੰਦਾ ਹੈ ਕਿ ਉਹ ‘ਬਾਮਕਸਦ ਰੰਗਕਰਮ’ ਦੇ ਮਾਡਲ ਦੇ ਅਨੂਰੂਪ ਸਮਾਜਿਕ ਵਿਵਸਥਾ ਦੇ ਉਹਨਾਂ ਸਰੋਕਾਰਾਂ ਨੂੰ ਨਾਟ-ਵਸਤੂ ਦਾ ਮਾਧਿਅਮ ਬਣਾਉਂਦਾ ਹੈ, ਜੋ ਵਧੇਰੇ ਕਰਕੇ ਹਾਸ਼ੀਏ ‘ਤੇ ਵਿਚਰੇ ਹਨ, ਜਿਨ੍ਹਾਂ ਦੀਆਂ ਸੂਖਮ ਤੰਦਾਂ ਪਰਸਪਰ ਏਨੀਆਂ ਉਲਝੀਆਂ ਹਨ ਕਿ ਉਹਨਾਂ ਨੂੰ ਸੂਤਰਬੱਧ ਕਰਕੇ ਪਰਿਭਾਸ਼ਿਤ ਕਰਨਾ ਜਿੰਨ੍ਹਾਂ ਮੁਸ਼ਕਿਲ ਹੈ, ਉਨ੍ਹਾਂ ਹੀ ਸਮਾਨਤਾ, ਨਿਆਂ ਅਤੇ ਜਾਗਰੂਕਤਾ ਆਧਾਰਿਤ ਸਮਾਜ ਲਈ ਆਵਸ਼ਕ ਹੈ। ਇਸ ਸੰਗ੍ਰਹਿ ਵਿਚ ਸ਼ਾਮਿਲ ਚਾਰੇ ਨਾਟਕ ਆਪੋ ਆਪਣੇ ਪੱਧਰ ਤੇ ਵਿਭਿੰਨ ਧਰਾਤਲਾਂ ਤੇ ਵਿਚਰਦੇ ਵਿਭਿੰਨ ਵਰਗਾਂ ਦੇ ਅੰਤਰਦਵੰਦਾਂ ਦਾ ਵਿਸ਼ਲੇਸ਼ਣ ਤਾਂ ਕਰਦੇ ਹੀ ਹਨ, ਨਾਲ ਹੀ ਇਹਨਾਂ ਨਾਟਕਾਂ ਦੇ ਪਾਤਰ ਆਪਣੇ ਮਨ ਵਿਚ ਸੁਨਹਿਰੇ ਭਵਿੱਖ ਦਾ ਸੁਪਨਾ ਸੰਜੋ ਕੇ, ਉਸ ਨੂੰ ਵਿਹਾਰਕ ਰੂਪ ਪ੍ਰਦਾਨ ਕਰਨ ਲਈ ਸੰਘਰਸ਼ ਦਾ ਹੋਕਾ ਵੀ ਦਿੰਦੇ ਹਨ। ਪਰਿਸਥਿਤੀਆਂ ਤੋਂ ਹਾਰਦੇ ਨਹੀ, ਨਾਂ ਹੀ ਪਲਾਇਨ ਕਰਦੇ ਹਨ, ਬਲਿਕ ਜੂਝ ਮਰਨ ਦਾ ਤਹੱਈਆ ਕਰਦੇ ਹਨ। ਹਨੇਰੀਆਂ ਤਾਕਤਾਂ ਦੇ ਖਿਲਾਫ਼ ਬਗਾਵਤ ਦਾ ਪਰਚਮ ਬੁਲੰਦ ਕਰਦੇ ਹੋਏ ਤੇ ਆਪਣੇ ਅਸਤਿਤਵ ਨੂੰ ਸੰਕਟਾਂ ਦੀ ਮਾਰ ਤੋਂ ਸੁਰਖਿਅਤ ਰਖਦੇ ਹੋਏ ਸਮਾਜੀ-ਰਾਜਸੀ ਸਿਸਟਮ ਨੂੰ ਬਦਲਣ ਲਈ ਲੜਾਈ ਲੜਦੇ ਹਨ। ਸਿਸਟਮ ਦੀਆਂ ਬਦਨੀਅਤੀਆਂ, ਕੁਚਾਲਾਂ ਤੇ ਸ਼ੋਸ਼ਕੀ ਨੀਤੀਆਂ ਪ੍ਰਤੀ ਇਹਨਾਂ ਪਾਤਰਾਂ ਦੀ ਪ੍ਰਤੀਕ੍ਰਿਆ ਜ਼ਾਤੀ, ਜਮਾਤੀ ਜਾਂ ਵਿਅਕਤੀਗਤ ਪੱਧਰ ਤੇ ਬੜੇ ਉਗਰ ਰੂਪ ਵਿਚ ਪ੍ਰਦਰਸ਼ਿਤ ਹੁੰਦੀ ਹੈ। ‘ਡੰਡੀਆਂ’ ਨਾਟਕ ਦੀ ਨਾਇਕਾ ਸੀਬੋ, ‘ਬੋਲ ਮਿੱਟੀ ਦਿਆ ਬਾਵਿਆ’ ਦੀ ਕੇਂਦਰੀ ਪਾਤਰ ਸੁਨੈਨਾ, ‘ਸ਼ਾਮਲਾਟ ਦੀ ਟਾਹਲੀ’ ਨਾਟਕ ਦੀ ਨਾਇਕਾ ਪਾਸੋ ਤੇ ‘ਤੇ ਜੰਗ ਜਾਰੀ ਰਹੇਗੀ’ ਦੇ ਅਖੀਰ ਵਿਚ ਥਾਣੇਦਾਰ ਦੀ ਪ੍ਰਤੀਕ੍ਰਿਆ ਨੂੰ ਇਸੇ ਪ੍ਰਸੰਗ ਵਿਚ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ।
ਕੁਲਦੀਪ ਸਿੰਘ ਦੀਪ (ਡਾ.)
Sale
₹150.00