ਗੁਲਜ਼ਾਰ ਡੋਗਰਾ, ਉਸ ਚਿਣਗ ਦਾ ਨਾਂ ਹੈ, ਜੋ ਘਰ ਦੀਆਂ ਤੰਗੀਆਂ-ਤੁਰਸ਼ੀਆਂ ਨੂੰ ਖਿੜੇ ਮੱਥੇ ਸਵੀਕਾਰ ਕਰਦਿਆਂ ਘਰ ਦੇ ਹਨੇਰੇ ਕੋਨੇ ਦਾ ਰੌਸ਼ਨ ਚਿਰਾਗ਼ ਬਣਿਆ। ਇਸਦੇ ਮਾਂ-ਬਾਪ ਨੇ ਇਸ ਦੀ ਖ਼ਾਤਿਰ ਆਪਣੇ ਸੁਨਹਿਰੀ ਸਮੇਂ ਨੂੰ ਵੀ ਕਾਲੇ ਦੌਰ ਵਾਂਗ ਗੁਜ਼ਾਰਿਆ ਤਾਂ ਕਿ ਉਨ੍ਹਾਂ ਦਾ ਬੁਢਾਪਾ ਸੁਰੱਖਿਅਤ ਰਹੇ, ਉਹਨਾਂ ਇਸਦੇ ਹੱਥ, ਕਾਗ਼ਜ ਤੇ ਕਲਮ ਦੇ ਗਿਆਨ ਸਰੋਵਰ ਵੱਲ ਤੋਰ ਦਿੱਤਾ। ਪੜ੍ਹਾਈ ਵਿੱਚ ਅਵਲ ਰਹਿੰਦਿਆਂ ਸੱਤਵੀਂ ਜਮਾਤ ਵਿੱਚ ਹੀ ਕਵਿਤਾ ਪੜ੍ਹਨ-ਲਿਖਣ ਦੇ ਸਨਮੁੱਖ ਹੋਇਆ। ਉਸਨੂੰ ਖ਼ੁਦ ਨੂੰ ਪਤਾ ਨਾ ਲੱਗਿਆ ਕਿ ਕਦ ਸੁਰਜੀਤ ਪਾਤਰ, ਸ਼ਿਵ, ਉਦਾਸੀ ਦੀਆਂ ਕਿਤਾਬਾਂ ਉਸਦੇ ਸਿਰਾਣੇ ਰਹਿਣ ਲੱਗੀਆਂ। ਮੈਨੂੰ ਬਹੁਤ ਖੁਸ਼ੀ ਹੈ ਕਿ ਇਹ ਕਿੱਤੇ ਵਜੋਂ ਇੱਕ ਅਧਿਆਪਕ ਵਰਗੇ ਸਨਮਾਨ ਦਾ ਹੱਕਦਾਰ ਬਣਿਆ ਹੈ। ਮੇਰਾ ਵਿਸ਼ਵਾਸ ਹੈ ਕਿ ਇੱਕ ਦਿਨ ਕਵਿਤਾ ਦੇ ਸਨਮਾਨ ਨੂੰ ਵੀ ਜਰੂਰ ਹਾਸਲ ਕਰ ਲਵੇਗਾ। ਜਿੱਥੇ ਕਵਿਤਾ ਦੀ ਖ਼ੁਸ਼ਬੋ ਹੋਵੇ ਉਥੇ ਆਪਣੇ ਪੰਜਾਬ ਦੇ ਸੰਯੋਗ-ਵਿਯੋਗ ਦੀ ਗੱਲ ਜਰੂਰ ਹੁੰਦੀ ਹੈ।
ਕਵਿਤਾ ਦੇ ਦਰ ’ਤੇ ਪਹਿਲੀ ਆਮਦ ਲਈ ਗੁਲਜ਼ਾਰ ਵਧਾਈ ਦਾ ਹੱਕਦਾਰ ਹੈ। ਆਉਣ ਵਾਲੇ ਸਮੇਂ ਵਿੱਚ ਇਹ ਵੀਰ ਆਪਣੇ ਨਾਂ ਦੇ ਅਰਥਾਂ ਨੂੰ ਸਿਜਦਾ ਕਰਦਾ ਆਪਣੀ ਖੁਸ਼ਬੂ ਨਾਲ ਪੰਜਾਬੀ ਕਵਿਤਾ ਦੇ ਪਿਆਰਿਆਂ ਨੂੰ ਮੰਤਰਮੁਗਧ ਕਰੇਗਾ।
-ਦਿਲਬਾਗ ਰਿਉਂਦ