Sale

190.00

Rang Talisam

ਆਦਿ ਕਥਨ
ਬੀਤੇ ਵਰ੍ਹੇ ਦੀਆਂ ਕਹਾਣੀਆਂ ਵਿੱਚੋਂ ਕੁਝ ਬਿਹਤਰ ਕਹਾਣੀਆਂ ਨੂੰ ਚੁਣਦਿਆਂ ਅਸੀਂ ਇਹ ਖ਼ਿਆਲ ਰੱਖਿਆ ਹੈ ਕਿ ਉਹਨਾਂ ਕਹਾਣੀਆਂ ਦੀ ਚੋਣ ਕੀਤੀ ਜਾਵੇ  ਜੋ ਆਪਣੇ ਵਿਸ਼ੇ, ਕਹਾਣੀ ਕਲਾ ਜਾਂ ਕਿਸੇ ਵੀ ਹੋਰ ਸਰੋਕਾਰ ਸਦਕਾ ਚਰਚਿਤ ਰਹੀਆਂ ਹਨ। ਇਸ ਚੋਣ ਵਿੱਚ ਰਚਨਾ ਹੀ ਜ਼ਹਿਨ ਵਿੱਚ ਰੱਖੀ ਗਈ ਹੈ ਰਚਨਾਕਾਰ ਨਹੀਂ। ਫਿਰ ਵੀ ਅਸੀਂ ਇਹ ਦਾਅਵਾ ਕਰਦੇ ਹਾਂ ਕਿ ਇਹੀ ਕਹਾਣੀਆਂ ਸ਼੍ਰੇਸ਼ਟ ਕਹਾਣੀਆਂ ਹਨ। ਯਕੀਨਨ ਇਸ ਪੁਸਤਕ ਤੋਂ ਬਾਹਰ ਹੋਰ ਵੀ ਬਹੁਤ ਕੁਝ ਸ਼ਾਨਦਾਰ ਤੇ ਜਾਨਦਾਰ ਪਿਆ ਹੋਵੇਗਾ ਲੇਕਿਨ ਹਰ ਚੋਣ ਕਰਤਾ ਦੀ ਆਪਣੀ ਸੀਮਾ ਹੁੰਦੀ ਹੈ। ਆਸ ਕਰਦੇ ਹਾਂ ਆਪ ਨੂੰ ਸਾਡੀ ਇਹ ਕੋਸ਼ਿਸ਼ ਪਸੰਦ ਆਵੇਗੀ।
ਜਸਪਾਲ ਕੌਰ ਪੰਜਾਬੀ ਕਹਾਣੀ ਨਾਲ ਜੁੜਿਆ ਇਕ ਹੋਰ ਨਵਾਂ ਨਾਂ ਹੈ । ਜੋ ਪੰਜਾਬੀ ਸਾਹਿਤ ਨੂੰ ਅਮੀਰ ਕਰਨ ਵਿੱਚ ਆਪਣਾਂ ਢੁੱਕਵਾਂ ਯੋਗਦਾਨ ਪਾ ਰਹੀ ਹੈ। ੨੦੨੩ ਵਿੱਚ ਉਨ੍ਹਾਂ ਦਾ ਪਹਿਲਾ ਕਹਾਣੀ ਸੰਗ੍ਰਹਿ ‘ਉਹਲਿਆਂ ਦੇ ਆਰ ਪਾਰ’ ਪ੍ਰਕਾਸ਼ਿਤ ਹੋਇਆ ਅਤੇ ਕਈ ਕਹਾਣੀਆ ਪੰਜਾਬੀ ਸਾਹਿਤ ਦੇ ਚਰਚਿਤ ਮੈਗਜ਼ੀਨਾਂ ਵਿੱਚ ਵੀ ਸ਼ਾਮਿਲ ਹੋਈਆਂ। ਉਸਦੀ ਕਹਾਣੀ ਅਧਵਰਿੱਤੇ ਆਪਣੇ ਵੱਖਰੇ ਵਿਸ਼ੇ ਨੂੰ ਲੈ ਕੇ ਖਾਸ ਹੈ। ਇਸ ਵਿੱਚ ਉਸਨੇ ਮਨੁੱਖ ਦੇ ਅੰਦਰ ਫੈਲੀ ਇਕ ਵੱਖਰੀ ਦੁਨੀਆਂ ਸਮਲਿੰਗੀ ਜਾਂ ਲੈਸਬੀਅਨ ਸਬੰਧਾਂ ਨੂੰ ਬੜੇ ਸਲੀਕੇ ਨਾਲ ਉਜਾਗਰ ਕੀਤਾ ਹੈ। ਕਿਸੇ ਮਨੁੱਖ ਦਾ ਸਮਲਿੰਗੀ ਹੋਣਾ ਭਾਂਵੇ ਕੋਈ ਨਵੀ ਗੱਲ ਨਹੀਂ। ਮਨੁੱਖੀ ਸਰੀਰ ਦੇ ਅੰਦਰ ਇਹ ਪ੍ਰਚਲਣ ਸਦੀਆ ਤੋਂ ਚਲਦਾ ਆ ਰਿਹੈ । ਮੈਡੀਕਲ ਸਾਇੰਸ ਦਾ ਮੰਨਣਾਂ ਹੈ ਕਿ ਸਮਲਿੰਗੀ ਹੋਣਾਂ ਕੋਈ ਵਿਕਾਰ ਨਹੀਂ ਸਗੋਂ ਮਨੁੱਖੀ ਮਨ ਦੀ  ਇਕ ਪ੍ਰਵਿਰਤੀ ਹੈ ਜੋ ਸਮਾਨੰਤਰ ਲਿੰਗ ਦੇ ਪ੍ਰਤੀ ਖਿੱਚ ਦਾ ਅਨੁਭਵ ਕਰਦੀ ਹੈ। ਅਜੋਕੇ ਸਮੇਂ ਵਿੱਚ ਸਮਲਿੰਗਤਾ ਨੂੰ ਇਸ ਲਈ ਵੀ ਵਿਚਾਰਿਆ ਜਾ ਰਿਹੈ ਕਿਉਂਕਿ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਨੇ ਇਸ ਨੂੰ ਅਪਣਾਅ ਲਿਆ ਹੈ। ਇਸ ਕਹਾਣੀ ਦੀ ਪ੍ਰਾਪਤੀ ਇਹ ਹੈ ਕਿ ਜਦੋਂ ਅਸੀ ਸਮਲਿੰਗਤਾ ਦੇ ਵਿਸ਼ੇ ਦੀ ਗੱਲ ਕਰਦੇ ਹਾਂ ਤਾਂ ਅਸ਼ਲੀਲਤਾ ਆਪਣੇ ਆਪ ਭਾਰੂ ਹੋ ਜਾਂਦੀ ਹੈ। ਕਿੳਂੁਕਿ ਵਿਸ਼ਾ ਹੀ ਅਜਿਹਾ ਹੈ। ਲੇਕਿਨ ਇਸ ਕਹਾਣੀ ਨੂੰ ਪੜ੍ਹਦਿਆਂ ਤੁਹਾਨੂੰ ਰੱਤੀ ਭਰ ਵੀ ਅਸ਼ਲੀਲਤਾ ਦਾ ਅਹਿਸਾਸ ਨਹੀ ਹੁੰਦਾ। ਭਾਂਵੇ ਸਕੂਲ ਵਿੱਚ ਕੰਮ ਕਰਦੀਆਂ ਦਰਜਾ ਚਾਰ ਮੁਲਾਜ਼ਮਾਂ ਦੀ ਗੱਲਬਾਤ ਹੋਵੇ। ਡਾਂਸ ਟੀਚਰ ਰੋਹਿਤ ਨਾਲ ਵਾਪਰੀ ਘਟਨਾ ਹੋਵੇ ਜਾਂ ਨਕਸ਼ਤਰਾ ਨਾਲ ਮਿਸਜ ਅਈਅਰ ਦਾ ਸੰਵਾਦ ਹੋਵੇ ਆਦਿ।
 ਗੁਰਮੀਤ ਕੜਿਆਲਵੀ ਪੰਜਾਬੀ ਕਹਾਣੀ ਦੇ ਸਿਰਕੱਢ ਕਥਾਕਾਰਾਂ ਵਿਚੋਂ ਇਕ ਹੈ। ਉਸਨੇ ਆਪਣੀਆਂ ਕਹਾਣੀਆਂ ਵਿੱਚ ਮਨੁੱਖੀ ਜੀਵਨ ਨਾਲ ਜੁੜੇ ਬਹੁਤ ਸਾਰੇ ਵਿਸ਼ਿਆਂ ਨੂੰ ਛੋਹਿਆ ਹੈ। ਲੇਕਿਨ ਹੱਡੀਂ ਹੰਢਾਏ ਦਲਿਤ ਜੀਵਨ ਨੇ ਉਸਦੀਆਂ ਕਹਾਣੀਆਂ ਨੂੰ ਇਕ ਵੱਖਰੀ ਪਛਾਣ ਦਿੱਤੀ। ਜਿਸ ਕਾਰਨ ਕਈ ਥਾਵਾਂ ਤੇ ਕੜਿਆਲਵੀ ਨੂੰ ਦਲਿਤ ਚੇਤਨਾ ਵਾਲਾ ਲੇਖਕ ਕਿਹਾ ਗਿਆ। ਕਹਾਣੀ ‘ਮੋਰ ਪੈਲ਼ ਕਿਉਂ ਨਹੀਂ ਪਾੳਂੁਦੇ’ ਅਜਿਹੇ ਹੀ ਵਿਸ਼ੇ ਤੇ ਰਚੀ ਗਈ ਕਮਾਲ ਦੀ ਕਹਾਣੀ ਹੈ। ਜਿਸ ਵਿੱਚ ਜਾਤੀਗਤ ਪਾੜੇ ਨੂੰ ਬੜੀ ਸ਼ਿਦਤ ਨਾਲ ਚਿਤਰਿਆ ਗਿਆ ਹੈ। ਕਹਾਣੀ ਉਜਾਗਰ ਕਰਦੀ ਹੈ ਕਿ ਊਚ-ਨੀਚ ਵਾਲਾ ਇਹ ਪਾੜਾ ਘਰੇਲੂ, ਸਮਾਜਿਕ, ਆਰਥਿਕ ਅਤੇ ਰਾਜਨੀਤਕ ਹੀ ਨਹੀਂ ਸਗੋਂ ਪਿਆਰ ਦੇ ਮਾਮਲੇ ਵਿੱਚ ਵੀ ਇਸਦੇ ਬੀਜ ਜਿਉਂ ਦੇ ਤਿਉਂ ਪਏ ਹਨ। ਜਗਦੇਵ ਖੁਦ ਪਾਰੋ ਦੇ ਇਕ ਪਾਸੜ ਪਿਆਰ ਵਿੱਚ ਗੜੁੱਚ ਹੈ ਤਾਂ ਜਾਤੀਗਤ ਵਖਰੇਵਾਂ ਉਸਦੇ ਆੜੇ ਆਂਉਦਾ ਹੈ, ਜਦੋਂ ਉਸਦੀ ਆਪਣੀ ਭਾਣਜੀ ਕਿਸੇ ਗੈਰ ਜਾਤੀ ਦੇ ਮੁੰਡੇ ਨਾਲ ਪਿਆਰ ਵਿਆਹ ਕਰਵਾਉਣਾ ਚਾਹੁੰਦੀ ਹੈ ਤਾਂ ਉਸਦੀ ਜਾਤੀਗਤ ਹਾਊਮੈ ਜਾਗ ਜਾਂਦੀ ਹੈ। ਉਹ ਅੱਗੇ ਕੁਸ਼ ਨਹੀਂ ਬੋਲਦਾ ਤੇ ਸਿਰਫ ਇਨਾ ਕਹਿ ਕੇ ਸੁਰਖ਼ਰੂ ਜਾਂਦੈ ‘ਜਿੰਨਾ ਚਿਰ ਇਹ ਵੱਟ ਬੰਨੇ ਨਹੀਂ ਨਾ ਢਹਿੰਦੇ, ਉਨ੍ਹਾਂ ਚਿਰ ਕਿਸੇ ਹਵੇਲੀ ਤੇ ਲੱਗੇ ਮੋਰ ਨੇ ਕਿਸੇ ਪਾਰੋ ਵਾਸਤੇ ਪੈਲ਼ ਨਹੀਂ ਪਾਉਣੀ। ’  ਇਹ ਕਹਾਣੀ ਸਾਡੇ ਸਾਹਮਣੇ ਇਕ ਸਵਾਲ ਖੜ੍ਹਾ ਕਰਦੀ ਹੈ ਕਿ ਉਮੀਦ ਸੀ ਕਿ ਜਦੋਂ ਸਮਾਜ ਪੜ੍ਹ ਲਿਖ ਗਿਆ ਤਾਂ ਇਹ ਵੱਟਾਂ-ਬੰਨ੍ਹੇ ਢਹਿ ਜਾਣਗੇ। ਬੰਦਾ ਬੰਦੇ ਨੂੰ ਬੰਦਾ ਸਮਝੇਗਾ। ਪਰ ਅਜੇ ਤਕ ਤਾਂ ਅਜੇਹਾ ਹੋਇਆ ਨੀ। ਹੁਣ ਜਦੋਂ ਮਨੁੱਖ ਗਲੋਬਲ ਦੁਨੀਆਂ ਬਨਾਉਣ ਵੱਲ ਵਧ ਰਿਹੈ ਤਾਂ ਇਹ ਵੱਟਾਂ ਬੰਨ੍ਹੇ ਢਾਹੂ ਕੌਣ?
ਅਗਾਜ਼ਬੀਰ ਪੰਜਾਬੀ ਕਥਾਕਾਰੀ ਵਿੱਚ ਬਹੁਤ ਛੇਤੀ ਆਪਣੀ ਥਾਂ ਬਨਾਉਣ ਵਾਲਾ ਨੌਜਵਾਨ ਕਹਾਣੀਕਾਰ ਹੈ। ਉਸਦਾ ਪਹਿਲਾ ਕਹਾਣੀ ਸੰਗ੍ਰਹਿ ‘ਕੁਇਨਜ਼ਲੈਂਡ’ ੨੦੨੩ ਵਿੱਚ ਛਪਿਆ। ਜਿਸ ਵਿੱਚ  ਵੱਖ-ਵੱਖ ਵਿਸ਼ਿਆਂ ’ਤੇ ਲਿਖੀਆਂ ਕੁੱਲ ਦਸ ਕਹਾਣੀਆਂ ਸਨ। ਜੋ ਸਮੇਂ-ਸਮੇਂ ਤੇ ਪੰਜਾਬੀ ਸਾਹਿਤ ਦੇ ਚਰਚਿਤ ਮੈਗਜੀਨਾਂ ਦਾ ਸ਼ਿੰਗਾਰ ਬਣਦੀਆਂ ਰਹੀਆਂ ਹਨ। ਕਹਾਣੀ ‘ਗੁੱਲਕ’ ਪਤੀ ਪਤਨੀ ਦੇ ਆਪਸੀ ਸਬੰਧਾਂ ਵਿਚਲਾ ਦਵੰਧ ਉਜਾਗਰ ਕਰਦੀ ਹੈ। ਦਵਿੰਦਰ ਜੋ ਆਪਣੀ ਪਤਨੀ ਸ਼ਰਨ ਦੇ ਦਿਮਾਗੀ ਤੌਰ ’ਤੇ ਅਪਸੈੱਟ ਹੋਣ ਮਗਰੋ ਕਈ ਡਾਕਟਰਾਂ ਕੋਲ ਲੈ ਕੇ ਜਾਂਦਾ ਹੈ। ਪਰ ਉਹ ਠੀਕ ਨਹੀਂ ਹੁੰਦੀ। ਅਖੀਰ ਆਪਣੇ ਕੁਲੀਗ ਮਿਸਟਰ ਅਰੋੜਾ ਦੀ ਸਲਾਹ ਮੰਨ ਕੇ ਉਹ ਸ਼ਰਨ ਨੂੰ ਸਾਈਕਲੋਜਿਸਟ ਪੀ.ਕੇ. ਖੱਤਰੀ ਕੋਲ ਲੈ ਕੇ ਜਾਂਦਾ ਹੈ। ਜੋ ਉਸਨੂੰ ਇਹ ਕਹਿੰਦੈ ਬਈ ਇਸਦਾ ਇਲਾਜ ਤਾਂ ਤੁਹਾਡੇ ਕੋਲ ਹੀ ਹੈ। ਜਦੋਂ ਇਸ ਇਲਾਜ ਦੀ ਗਰੰਟੀ ਦੀ ਗੱਲ ਕਰਦਾ ਹੈ ਤਾਂ ਡਾ. ਖੱਤਰੀ ਕਹਿੰਦੈ ਜਦੋਂ ਇਸਦਾ ਅਸਰ ਹੋਇਆ ਨਾ ਤਾਂ ਗੁੱਲਕ ਟੁੱਟਣ ਵਰਗਾ ਅਸਰ ਹੋਵੇਗਾ ਤੇ ਅਖੀਰ ਜਦੋਂ ਗੁੱਲਕ ਟੁੱਟਦੀ ਹੈ ਤਾਂ ਇੰਝ ਲਗਦੈ ਕਿ ਸ਼ਰਨ ਤਾਂ ਸ਼ਾਂਤ ਹੋ ਗਈ ਲੇਕਿਨ ਉਸਦੇ ਉਲਟ ਦਵਿੰਦਰ ਅਸ਼ਾਂਤ ਹੋ ਗਿਆ। ਵਿਸ਼ੇ ਪੱਖ ਤੋ ਕਹਾਣੀ ਬਹੁਤ ਖ਼ੂਬਸੂਰਤ ਹੈ। ਇਸ ਵਿੱਚ ਉਹ ਗੱਲਾਂ ਵੀ ਆਈਆਂ ਜਿਨ੍ਹਾਂ ਨੂੰ ਅਸੀਂ ਬਹੁਤ ਪਿੱਛੇ ਛੱਡ ਆਏ ਹਾਂ।  ਬਜ਼ੁਰਗ ਬੀਬੀ ਦੇ ਘਰੇਲੂ ਟੋਟਕਿਆਂ ਵਾਲਾ ਦਿ੍ਰਸ਼ ਕਹਾਣੀ ਨੂੰ ਹੋਰ ਖ਼ੂਬਸੂਰਤ ਬਣਾੳਂੁਦਾ ਹੈ। ਕਿੳਂੁ ਕਿ ਅਸੀਂ ਆਪਣੀ ਸਭਿਆਚਾਰਕ ਵਿਰਾਸਤ ਦੇ ਨਾਲ ਨਾਲ ਉਨ੍ਹਾਂ ਚੀਜਾਂ ਨੂੰ ਵੀ ਤਿਲਾਂਜਲੀ ਦੇ ਆਏ ਹਾਂ ਜੋ ਕਦੀ ਸਾਡੇ ਆਮ ਜੀਵਨ ਵਿੱਚ ਤੰਦਰੁਸਤੀ ਦਾ ਰਾਜ ਹੁੰਦੀਆਂ ਸਨ।
ਜਤਿੰਦਰ ਹਾਂਸ ਦਾ ਨਾਮ ਅਜੋਕੀ ਪੰਜਾਬੀ ਕਹਾਣੀ ਦੇ ਉਨ੍ਹਾਂ ਚੋਣਵੇਂ ਨਾਵਾਂ ਵਿਚੋਂ ਇਕ ਹੈ ਜਿਨ੍ਹਾਂ ਨੂੰ ਬਹੁਤ ਪੜ੍ਹਿਆ ਗਿਆ। ਜਿਨ੍ਹਾਂ ਦੀਆਂ ਕਿਤਾਬਾਂ ਦੇ ਕਈ ਕਈ ਅਡੀਸ਼ਨ ਛਪਦੇ ਹਨ। ‘ਬੰਦਾ ਮਰਦਾ ਕਿਥੇ ਦੇਖ ਹੁੰਦਾ’ ਜਤਿੰਦਰ ਹਾਂਸ ਦੀ ਵਿਅੰਗਾਤਮਕ ਕਹਾਣੀ ਹੈ । ਜਤਿੰਦਰ ਹਾਂਸ ਦੀ ਇਹ ਖਾਸੀਅਤ ਹੈ ਕਿ ਅਛੋਪਲੇ ਜਿਹੇ ਬੜੇ ਸਿੱਧੇ ਜੇ ਸ਼ਬਦਾਂ ਵਿੱਚ ਬੜੀ ਵੱਡੀ ਗੱਲ ਕਹਿ ਜਾਂਦੈ। ਜੋ ਇਸ ਕਹਾਣੀ  ਵਿੱਚ ਸਾਫ ਦਿਖਾਈ ਦਿੰਦੈ। ਜਿਵੇਂ ਕਹਿੰਦੇ ਹੁੰਦੇ ਨੇ ਵਡੇਰੀ ਉਮਰ ਵਿੱਚ ਬੰਦਾ ਬੱਚਿਆਂ  ਵਰਗਾ ਹੋ ਜਾਂਦਾ। ਕਈ ਵਾਰੀ ਤਾਂ ਆਪਣੀ ਕਿਰਿਆ ਸੁਧਾਰਨ ਤੋਂ ਵੀ ਅਸਮਰਥ ਹੋ ਜਾਂਦਾ। ਇਹੀ ਕਹਾਣੀ ਹੈ ਜੋ ਵਿਅੰਗ ਨਾਲ ਚਲਦੀ ਹੈ। ਪਰਮਜੀਤ ਸਿੰਘ ਨਾਗਰਾ ਤੇ ਉਸਦੀ ਪਤਨੀ ਕਮਲਜੀਤ ਕੌਰ ਜੋ ਦੋਵੇਂ ਨੌਕਰੀਪੇਸ਼ਾ ਹਨ। ਘਰ ਵਿੱਚ ਬਿਰਧ ਮਾਂ ਹੈ ਜਿਸਦੇ ਸਰੀਰ ਦੇ ਬਾਕੀ ਅੰਗਾਂ ਨਾਲੋਂ ਜੁਬਾਨ ਜਿਆਦਾ ਚਲਦੀ ਹੈ। ਘਰ ਵਿੱਚ ਉਹ ਦੋਵੇਂ ਜੀਆਂ ਨੂੰ ਮਾੜਾ ਚੰਗਾ ਬੋਲਦੀ ਰਹਿੰਦੀ ਹੈ ਜਿਸ ਕਾਰਨ ਘਰ ਵਿੱਚ ਤਣਾਅ ਪੈਦਾ ਹੁੰਦਾ ਹੈ। ਪਰਮਜੀਤ ਨੂੰ ਆਪਣੀ ਮਾਂ ਦੀ ਸਾਰੀ ਕਿਰਿਆ ਖੁਦ ਸੁਧਾਰਨੀ ਪੈਂਦੀ ਹੈ ਜਿਸ ਕਾਰਨ ਉਹ ਅੰਦਰੋਂ ਦੁਖੀ ਹੈ। ਪਰਮਜੀਤ ਵੀ ਚਾਹੁੰਦਾ ਹੁੰਦਾ ਕਿ ਬੀਬੀ ਤੇ ਹੁਣ ਪਰਦਾ ਪੈ ਜਾਵੇ। ਘਰ ਵਿੱਚ ਕਈ ਮੌਕੇ ਅਜਿਹੇ ਆਉਂਦੇ ਨੇ ਜਦੋ ਪਤਾ ਲਗਦਾ ਸ਼ਾਇਦ ਬੀਬੀ ਚੜ੍ਹਾਈ ਕਰਗੀ। ਪਰ ਅਜਿਹਾ ਨਹੀਂ ਹੁੰਦਾ। ਜਿਸਤੋਂ ਉਹ ਹੋਰ ਦੁਖੀ ਹੁੰਦੇ ਨੇ ਤੇ ਪ੍ਰੇਸ਼ਾਨ ਵੀ। ਸਭ ਤੋਂ ਜਿਆਦਾ ਦੁਖੀ ਉਹ ਉਦੋਂ ਹੁੰਦਾ ਜਦੋਂ ਕਿਸੇ ਸਮਾਜ ਸੇਵੀ ਸੰਸਥਾ ਵਾਲੇ ਨੇ ਬੀਬੀ ਦੀ ਵੀਡੀਓ ਬਣਾਂ ਕੇ ਨੈਟ ਤੇ ਪਾ ਦਿੱਤੀ ਅਖੇ ਇਸ ਬਜ਼ੁਰਗ ਦੀ ਘਰ ਵਿੱਚ ਬਹੁਤ ਮਾੜੀ ਹਾਲਤ ਹੈ। ਲੋਕ ਸੋਸ਼ਲ ਮੀਡੀਆ ਤੇ ਉਨ੍ਹਾਂ ਨੂੰ ਬੁਰਾ ਭਲਾ ਬੋਲਦੇ ਹਨ। ਫਿਰ ਇਕ ਸਮਾਂ ਉਹ ਵੀ ਆੳਂੁਦੈ ਜਦੋਂ ਦੁਖੀ ਹੋਇਆ ਪਰਮਜੀਤ ਆਪਣੀ ਮਾਂ ਨੂੰ ‘ਸਿਰ ਨਲਾਅ’ ਦੇਣਾ ਚਾਹੁੰਦਾ। ਮਤਲਬ ਆਪਣੇ ਹੱਥੀਂ ਗਲਾ ਘੁੱਟ ਕੇ ਮੁਕਤੀ ਦੇ ਦੇਣਾਂ ਚਾਹੁੰਦਾ ਪਰ ਆਪਣਾ ਬਚਪਨ ਯਾਦ ਕਰਕੇ ਅਜਿਹਾ ਨਹੀ ਕਰ ਪਾੳਂੁਦਾ। ਇਹ ਗੱਲ ਸੁਣ ਕੇ ਕੋਲ ਬੈਠੀਆਂ ਮੈਡਮਾਂ ਦੇ ਜਿਹਨ ਨਫ਼ਰਤ ਨਾਲ ਭਰ ਜਾਂਦੇ ਹਨ। ਕਿ ਕੋਈ ਆਪਣੀ ਮਾਂ ਨਾਲ ਅਜਿਹਾ ਕਿਵੇਂ ਕਰ ਸਕਦੈ। ਅਖੀਰ ਪਰਮਜੀਤ ਕੋਲ ਕੋਈ ਹੋਰ ਜਾਣ-ਪਛਾਣ ਵਾਲੇ ਅਫ਼ਸੋਸ ਕਰਨ ਲਈ ਆੳਂੁਦੇ ਨੇ ਤੇ ਮੈਡਮਾਂ ਗੱਲ ਨੂੰ ਅਧੂਰੀ ਛੱਡ  ਤੁਰਦੀਆਂ ਬਣਦੀਆਂ ਨੇ।
ਵਿਪਨ ਗਿੱਲ ਸਾਹਿਤ ਦੇ ਖੇਤਰ ਵਿੱਚ ਅਨੁਵਾਦਕ ਦੇ ਤੌਰ ’ਤੇ ਸ਼ਾਮਿਲ ਹੁੰਦੀ ਹੈ। ਪਹਿਲਾਂ ਉਸਨੇ ਨਾਵਲ ਅਤੇ ਕਹਾਣੀ ਨੂੰ ਅਨੁਵਾਦ ਕੀਤਾ ਅਤੇ ਫਿਰ ੨੦੨੩ ਵਿੱਚ ਆਪਣਾ ਪਲੇਠਾ ਕਹਾਣੀ ਸੰਗ੍ਰਹਿ ‘ਅਣਕਹੀ ਪੀੜ’ ਲੈ ਕੇ ਕਹਾਣੀ ਦੇ ਖੇਤਰ ਵਿੱਚ ਸ਼ਾਮਿਲ ਹੁੰਦੀ ਹੈ। ਵਿਪਨ ਗਿੱਲ ਦੀਆਂ ਕਹਾਣੀਆਂ ਵਿਸ਼ਾ ਵਸਤੂ ਅਤੇ ਭਾਸ਼ਾ ਪੱਖੋਂ ਬਹੁਤ ਮਜ਼ਬੂਤ ਨੇ। ਉਸ ਕੋਲ ਕਹਿਣ ਲਈ ਬਹੁਤ ਖ਼ੂਬਸੂਰਤ ਸ਼ਬਦਾਂ ਦਾ ਭੰਡਾਰ ਹੈ। ਸਭ ਤੋਂ ਵੱਡੀ ਗੱਲ ਉਸਦੀ ਕਹਾਣੀ ‘ਰੰਗ ਤਲਿਸਮ’ ਪੜ੍ਹਦਿਆਂ ਮਹਿਸੂਸ ਹੁੰਦੈ ਉਹ ਕੁਦਰਤ ਦੇ ਬਹੁਤ ਨੇੜੇ ਹੈ। ਇਸ ਕਹਾਣੀ ਵਿੱਚ ਸ਼ਬਦਾਂ ਰਾਹੀਂ ਉਸਨੇ ਮਹੌਲ ਨੂੰ ਏਨਾਂ ਗੁੰਦਿਆ ਹੈ ਕਿ ਪੜ੍ਹਨ ਵਾਲਾ ਇੰਝ ਮਹਿਸੂਸ ਕਰਦਾ ਬਈ ਜਿਵੇਂ ਉਹ ਹਿਮਾਚਲ ਦੀਆਂ ਵਾਦੀਆਂ ਵਿੱਚ ਹੀ ਘੁੰਮ ਰਿਹਾ ਹੋਵੇ। ਸੀਮਾਂ ਨਾਲ ਰਾਏ ਸਾਹਿਬ ਦੇ ਪਿਆਰ ਦੀ ਕਹਾਣੀ, ਰਾਏ ਸਾਹਿਬ ਪ੍ਰਤੀ ਉਸਦਾ ਆਤਮ ਸਮਰਪਣ ਕਮਾਲ ਹੈ। ਉਸ ਤੋਂ ਬਾਦ ਹਿਮਾਚਲ ਵਿੱਚ ਆ ਕੇ ਅਸੀਮ ਨੂੰ ਮਿਲਣਾਂ ਜੋ ਕਿ ਸ਼ੌਕੀਆ ਤੌਰ ’ਤੇ ਪੇਂਟਰ ਹੈ ਜੋ ਆਪਣੇ ਰੰਗਾਂ ਦੀ ਜਾਦੂਗਰੀ ਰਾਹੀਂ ਉਸਦੀ ਬੇਰੰਗ ਹੋ ਚੁੱਕੀ ਜ਼ਿੰਦਗੀ ਵਿੱਚ ਇਕ ਵਾਰ ਫੇਰ ਰੰਗ ਭਰ ਦਿੰਦਾ ਹੈ। ਵਿਪਨ ਦੀ ਖਾਸ਼ੀਅਤ ਹੈ ਕਿ ਉਹ ਛੋਟੇ-ਛੋਟੇ ਵਾਕਾਂ ਰਾਹੀਂ ਬਹੁਤ ਵੱਡੀ ਗੱਲ ਕਹਿ ਦਿੰਦੀ ਹੈ ਜੋ ਉਸਦੀਆਂ ਕਹਾਣੀਆਂ ਨੂੰ ਬਹੁਤ ਖੂਬਸੂਰਤ ਬਣਾਉਂਦੇ ਹਨ।
ਦੀਪਤੀ ਬਾਬੂਟਾ ਪੰਜਾਬੀ ਕਥਾਕਾਰੀ ਵਿੱਚ ਬਹੁਤ ਤੇਜੀ ਨਾਲ ਉਭਰਿਆ ਨਾਮ ਹੈ। ਅਪਾਣੀਆਂ ਕਹਾਣੀਆਂ ਵਿੱਚ ਉਹ ਮਨੁੱਖੀ ਜੀਵਨ ਜਾਚ ਅਤੇ ਪਰਿਵਾਰ ਵਿੱਚ ਰਹਿੰਦੇ ਔਰਤ ਮਰਦ ਦੇ ਆਪਸੀ ਸਬੰਧਾਂ ਵਿਚਲੀ ਕੜਵਾਹਟ ਨੂੰ ਉਹ ਬੜੀ ਬਰੀਕੀ ਨਾਲ ਫੜਦੀ ਹੈ। ਉਸਦੀਆਂ ਕਹਾਣੀਆਂ ਜਿਆਦਾਤਰ ਔਰਤ ਪੱਖੀ ਹੁੰਦੀਆਂ ਹਨ। ਕਹਾਣੀ ‘ਛੱਲਾਂ’ ਵੀ ਅਜਿਹੀ ਇਕੱਲੀ ਰਹਿ ਰਹੀ ਔਰਤ ਦੀ ਕਹਾਣੀ ਹੈ ਜਿਸਦਾ ਪਤੀ ਵਿਆਹ ਤੋਂ ਥੋੜੇ ਸਮੇਂ ਬਾਦ ਹੀ ਹਾਦਸੇ ਦੌਰਾਨ ਇਸ ਦੁਨੀਆਂ ਤੋਂ ਜਾ ਚੁੱਕਾ ਹੈ। ਉਹ ਬੜੀ ਸਮਰਪਿਤ ਔਰਤ ਹੈ ਜੋ ਆਪਣੇ ਪਤੀ ਦੇ ਵਿਯੋਗ ਅਤੇ ਉਸਦੀਆਂ ਯਾਦਾਂ ਨਾਲ ਹੀ ਜੀਵਨ ਜਿਉਂ ਰਹੀ ਹੈ। ਇਸਦੇ ਉਲਟ ਉਸਦੇ ਗੁਆਂਢ ਵਿੱਚ ਰਹਿ ਰਹੀ ਉਸਦੀ ਸਹੇਲੀ ਪ੍ਰੀਤ ਜੋ ਆਪਣੇ ਪਤੀ ਨਾਲ ਰੱਜ ਕੇ ਜ਼ਿੰਦਗੀ ਜਿਉਂ ਰਹੀ ਹੈ। ਉਹ ਉਸਨੂੰ ਵਾਰ-ਵਾਰ ਪੁਛਦੀ ਹੈ ਕਿ ਡੀਅਰ ਆਂਟੀ ਤੇਰਾ ਕਿਵੇਂ ਸਰਦਾ। ਸਾਰੇ ਮੁਹੱਲੇ ਦੇ ਵੱਡੇ-ਛੋਟੇ ਮਰਦ ਤੇਰੇ ਤੇ ਬਹੁਤ ਮਰਦੇ ਹਨ। ਤੇਰਾ ਮਨ ਨੀ ਕਰਦਾ ਕਿਸੇ ਨਾਲ…। ਉਹ ਦਸਦੀ ਹੈ ਕਿ ਉਹ ਕਈ ਵਾਰ ਸੁਪਨੇ ’ਚ  ਸੁਖਦੇਵ ਨੂੰ ਮਿਲੀ ਪਰ ਹਰ ਵਾਰ ਸੁਪਨਾ ਅਧੂਰਾ ਰਹਿ ਜਾਂਦਾ। ਲੇਕਿਨ ਪ੍ਰੀਤ ਉਸਦੇ ਅੰਦਰ ਵਾਰ ਵਾਰ ਮੁਹੱਬਤ ਦੀਆਂ ਅਜਿਹੀਆਂ ਤਰੰਗਾਂ ਛੇੜਦੀ ਹੈ ਕਿ ਸੁਖਦੇਵ ਦੀ ਮੁਹੱਬਤ ਵਿੱਚ ਸਰਸ਼ਾਰ ਹੋਈ ਉਹ ਅਲਮਾਰੀ ਵਿੱਚੋ ਉਸਦੀ ਲਿਆਂਦੀ ਬਾਰਾਂ ਸਾਲੀ ਦੇਸੀ ਸ਼ਰਾਬ ਕੱਡ ਕੇ ਪੀ ਲੈਂਦੀ ਹੈ।  ਸੁਖਦੇਵ ਦੇ ਕੱਪੜੇ ਪਾ ਉਹ ਉਹਦੇ ਅੰਦਰ ਸਮਾਅ ਜਾਣਾ ਚਹੁੰਦੀ ਹੈ। ਸਵੇਰ ਹੋਈ ਤਾਂ ਉਸਦੇ ਖਿੜ੍ਹੇ ਚੇਹਰੇ ਨੂੰ ਵੇਖ ਕੇ ਪ੍ਰੀਤ ਹੱਕੀ ਬੱਕੀ ਰਹਿ ਜਾਂਦੀ ਹੈ। ਜਦੋਂ ਉਹ ਇਸਦਾ ਕਾਰਨ ਪੁੱਛਦੀ ਹੈ ਤਾਂ ਉਹ ਕਹਿੰਦੀ ਅੱਜ ਮੈਂ ਪੂਰਾ ਸੁਪਨਾ ਵੇਖਿਆ ਤੇ ਰੱਜ ਕਕ ਨਹਾਤੀ।
ਪਰਮਜੀਤ ਦਾ ਪਹਿਲਾ ਕਹਾਣੀ ਸੰਗ੍ਰਹਿ ‘ਜ਼ਿਬਾਹ ਹੁੰਦੇ ਪਲ਼’ ੨੦੨੩ ਵਿੱਚ ਛਪਿਆ। ਪਰ ਉਹ ਪੰਜਾਬੀ ਕਹਾਣੀ ਲਈ ਨਵਾਂ ਨਾਮ ਨਹੀਂ। ਪਰਮਜੀਤ ੧੯੮੫-੮੬ਦੇ ਦੌਰ ਵਿੱਚ ਅਮਿ੍ਰਤਾ ਪ੍ਰੀਤਮ ਵਲੋਂ ਚਲਾਏ ਜਾਂਦੇ ਨਾਗਮਣੀ ਵਰਗੇ ਵੱਕਾਰੀ ਮੈਗਜ਼ੀਨ ਵਿੱਚ ਛਪਦਾ ਰਿਹਾ ਹੈ। ਪਰਮਜੀਤ ਕੋਲ ਸਿੱਧੀ ਸਾਦੀ ਭਾਸ਼ਾ ਵਿੱਚ ਗੱਲ ਕਹਿਣ ਦਾ ਹੁਨਰ ਹੈ। ਕਹਾਣੀ ‘ਤਾਰੇ ਤਾਂ…’ ਦਾ ਸਿਰਲੇਖ ਇਕ ਬਿੰਬ ਵਜੋਂ ਵਰਤਦਿਆਂ ਪਰਦੁਮਨ ਸਿੰਘ ਪਟਵਾਰੀ ਇਸ ਗੱਲ ਤੇ ਮਾਣ ਕਰਦਾ ਹੈ ਕਿ ਉਸਦਾ ਬੇਟਾ ਵੀ ਉਹਦੇ ਵਾਂਗ ਕਿਸੇ ਦਾ ਹੱਕ ਮਾਰਨ ਵਾਲਾ ਨਹੀਂ ਹੈ। ਇਕ ਦੂਜੇ ਨੂੰ ਲਤਾੜ ਕੇ ਪੈਸੇ ਦੀ ਦੌੜ ਪਿਛੇ ਭੱਜਦੀ ਲੋਕਾਈ ਦੇ ਉਲਟ ਪਟਵਾਰੀ ਪ੍ਰਦੁਮਨ ਸਿੰਘ ਹੱਕ ਦੀ ਕਮਾਈ ਤੇ ਗੁਜ਼ਰ ਬਸਰ ਕਰਨ ਵਾਲਾ ਇਕ ਸਿਧਾ ਸਾਧਾ ਅਫ਼ਸਰ ਹੈ ਜਿਸਨੇ ਰਿਸ਼ਵਤ ਨਾ ਲੈਣ ਦੀ ਕਸਮ ਖਾਧੀ ਹੈ। ਅੱਗੇ ਚੱਲ ਕੇ ਇਹੀ ਕਸਮ ਉਸ ਲਈ ਬੇਜ਼ਤੀ ਦਾ ਕਾਰਨ ਬਣਦੀ ਹੈ ਜਦੋਂ ਉਹ ਆਪਣੀ ਬੇਟੀ ਦਾ ਵਿਆਹ ਕਰਦਾ ਹੈ। ਮੁੰਡੇ ਵਾਲਿਆਂ ਦਾ ਜਵਾਈ ਉਸਨੂੰ ਇਹ ਕਹਿੰਦਾ ਸੁਣਦਾ ਬਈ ‘ਜਦੋਂ ਲੋਕਾਂ ਤੋਂ ਲੈ-ਲੈ ਝੋਲੇ ਭਰਨ ਦੀ ਆਦਤ ਪੈ ਜਾਂਦੀ ਆ ਤਾਂ ਕਈਆਂ ਨੂੰ ਹੱਥੋਂ ਗਵਾਉਣਾ ਔਖਾ ਹੋ ਜਾਂਦਾ।’ ਤਾਂ ਪਰਦੁਮਨ ਸਿੰਘ ਉਸਨੂੰ ਸਫ਼ਾਈ ਦੇਣ ਲਈ ਕਹਿੰਦਾ ਕਿ ‘ਸਾਹਬ ਜੀ ਮੇਰਾ ਰੱਬ ਜਾਣਦਾ ਮੈਂ ਸਾਰੀ ਉਮਰ ਕਿਸੇ ਤੋਂ ਰਿਸ਼ਵਤ ਨਹੀਂ ਲਈ।’ ਪਰ ਉਸਦੀਆਂ ਇਹ ਸਫਾਈਆਂ ਕਿਸੇ ਨੂੰ ਵੀ ਰਾਸ ਨਹੀਂ ਆਂਉਦੀਆਂ। ਅਖੀਰ ਉਸਨੂੰ ਇਸ ਸਿਸਟਮ ਅੱਗੇ ਆਤਮ ਸਮਰਪਣ ਕਰਨਾ ਪੈਂਦਾ ਹੈ ਜਦੋਂ ਆਪਣੇ ਬੇਟੇ ਦੀ ਨੌਕਰੀ ਲਈ ਉਹ ਆਪਣੇ ਦੋਸਤ ਅੱਗੇ ਤਰਲਾ ਕਰਦਾ ਹੈ। ਉਸਦਾ ਦੋਸਤ ਪ੍ਰਦੁਮਨ ਸਿੰਘ ਨੂੰ ਇਕ ਸਲਿਪ ਦਿੰਦਾ ਕਹਿੰਦਾ ਬਈ ਇਹ ਪਰਚੀ ਚਪੜਾਸੀ ਦੇ ਰਾਹੀਂ ਇੰਟਰਵਿਊ ਲੈਣ ਵਾਲੇ ਅਫਸਰ ਤੱਕ ਪੁੱਜਦੀ ਕਰ ਦੇਵੇ, ਕੰਮ ਹੋ ਜਾਵੇਗਾ। ਜਦੋਂ ਉਸਦਾ ਬੇਟਾ ਉਥੇ ਮੌਜੂਦ ਬੇਰੁਜਗਾਰੀ ਅਤੇ ਫ਼ਿਕਰ ਨਾਲ ਜੂਝਦੇ ਨੌਜਵਾਨਾਂ ਨੂੰ ਵੇਖਦਾ ਹੈ ਤਾਂ ਉਸਦਾ ਜ਼ਮੀਰ ਇਜਾਜ਼ਤ ਨਹੀਂ ਦਿੰਦਾ ਕਿ ਉਹ ਕਿਸੇ ਦਾ ਹੱਕ ਮਾਰ ਕੇ ਨੌਕਰੀ ਪ੍ਰਾਪਤ ਕਰੇ। ਉਹ ਵਾਪਸ ਆ ਜਾਂਦਾ ਹੈ। ਜਦੋਂ ਪ੍ਰਦੁਮਨ ਸਿੰਘ ਨੂੰ ਇਸ ਬਾਰੇ ਪਤਾ ਲਗਦਾ ਤਾਂ ਇਕ ਵਾਰੀ ਤਾਂ ਉਹ ਗੁੱਸੇ ਹੁੰਦਾ ਪਰ ਜਦੋਂ ਆਪਣੇ ਬੇੇਟੇ ਦੀ ਸੋਚ ਆਪਣੇ ਵਰਗੀ ਹੀ ਵੇਖਦਾ ਹੈ ਤਾਂ ਉਸਨੂੰ ਉਸਤੇ ਮਾਣ ਮਹਿਸੂਸ ਹੁੰਦੈ।
ਬਲਵੰਤ ਫਰਵਾਲੀ ਕਵੀ ਹੈ, ਨਾਵਲਕਾਰ ਅਤੇ ਕਹਾਣੀਕਾਰ ਵੀ ਹੈ। ੨੦੦੮ ਵਿੱਚ ਉਸਦਾ ਪਹਿਲਾ ਕਾਵਿ ਸੰਗ੍ਰਹਿ ‘ਅਣਗੌਲੇ ਰਾਹ’ ੨੦੧੫ ਵਿੱਚ ਕਾਵਿ ਸੰਗ੍ਰਹਿ ‘ਚਹੁੰਮੁਖੀਏ ਦੀਵੇ’ ਪ੍ਰਕਾਸ਼ਿਤ ਹੋਇਆ। ੨੦੧੮ ਵਿੱਚ ਨਾਵਲ ਸ਼ਿਵਚਰਨ ਛਪਿਆ ਜਿਸਦੇ ਲਗਾਤਾਰ ਦੋ ਅਡੀਸ਼ਨ ਛਪੇ। ਹੁਣੇ ਜਿਹੇ ੨੦੨੩ ਵਿੱਚ ਉਸਦਾ ਪਹਿਲਾ ਕਹਾਣੀ ਸੰਗ੍ਰਹਿ ‘ਅੰਦਰਲੇ ਯੁੱਧ’ ਜਿਸ ਵਿੱਚ ਗਿਆਰਾਂ ਕਹਾਣੀਆਂ ਹਨ ਪ੍ਰਕਾਸ਼ਿਤ ਹੋਇਆ। ਜਿਸਨੂੰ ਸਾਹਿਤਕ ਹਲਕਿਆਂ ਵਿੱਚ ਕਾਫੀ ਸਲਾਹਿਆ ਗਿਆ। ਪੇਂਡੂ ਜੀਵਨ ਅਤੇ ਭਾਸ਼ਾ ਉੱਪਰ ਉਸਦੀ ਬਹੁਤ ਪਕੜ ਹੈ। ਐਂ ਲਗਦਾ ਹੈ ਜਿਵੇਂ ਪੇਂਡੂ ਜੀਵਨ ਦੀਆਂ ਸਮੱਸਿਆਵਾਂ, ਜਾਤੀਗਤ ਵਿਤਕਰੇਬਾਜ਼ੀ ਨੂੰ ਉਸਨੇ ਬਹੁਤ ਨੇੜੇ ਤੋਂ ਵੇਖਿਆ ਹੈ। ਕਹਾਣੀ ‘ਕੀੜੀਆਂ ਦਾ ਭੌਣ’ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਹੋਏ ਕਿਸਾਨੀ ਸੰਘਰਸ਼ ਵਿੱਚ ਮਜ਼ਦੂਰ ਧਿਰਾਂ ਵਲੋਂ ਨਿਭਾਈ ਗਈ ਭੂਮਿਕਾ ਨੂੰ ਬਹੁਤ ਨੇੜੇ ਤੋਂ ਚਿਤਰਿਆ ਗਿਆ। ਹਾਲਾਂਕਿ ਖੇਤ ਮਜ਼ਦੂਰ ਅਤੇ ਕਿਸਾਨੀ ਧਿਰਾਂ ਦਾ ਇਹ ਸਾਂਝਾ ਘੋਲ ਸੀ ਪਰ ਇਸ ਵਿੱਚ ਮਜ਼ਦੂਰ ਜਥੇਬੰਦੀਆਂ ਨੂੰ ਸਿਰਫ ਇਕੱਠ ਕਰਨ ਅਤੇ ਨਾਹਰਿਆਂ ਤੱਕ ਹੀ ਸੀਮਤ ਰੱਖਿਆ ਗਿਆ। ਉਹ ਫਾਸਲਾ ਉਵੇਂ ਹੀ ਰੱਖਿਆ ਗਿਆ ਜਿਵੇਂ ਪਹਿਲਾਂ ਸੀ। ਘੋਲ਼ ਖਤਮ ਹੋਇਆ ਸਾਰੇ ਵਾਪਸ ਆਏ ਪਰ ਕਿਸਾਨਾਂ ਦਾ ਮਜ਼ਦੂਰਾਂ ਪ੍ਰਤੀ ਵਤੀਰਾ ਉਸਤੋਂ ਵੀ ਬੱਦਤਰ ਹੋ ਗਿਆ। ਝੋਨੇ ਦੀ ਲਵਾਈ ਦੇ ਰੇਟ ਨੂੰ ਲੈ ਕੇ ਦੋਵੇਂ ਧਿਰਾਂ ਆਹਮੋ ਸਾਹਮਣੇ ਹੋਈਆਂ। ਮਜ਼ਦੂਰ ਜਮਾਤ ਦੇ ਵਿਰੁੱਧ ਪੰਚਾਇਤੀ ਮਤੇ ਪਾਏ ਗਏ। ਇਖਲਾਕ ਇਥੋਂ ਤੱਕ ਗਿਰ ਗਿਆ ਕਿ ਗੁਰਦੁਆਰਿਆਂ ਵਿਚੋਂ ਅਨਾਊਸਮੈਂਟਾਂ ਕੀਤੀਆਂ ਗਈਆਂ ਕਿ ਜੇ ਇਹ ਸਾਡੀ ਗੱਲ ਨਹੀਂ ਮੰਨਦੇ ਤਾਂ ਇਨਾਂ ਦਾ ਭਾਂਡਾ ਤਿਆਗ ਦਿੱਤਾ ਜਾਵੇ।
 ਮਨਦੀਪ ਡਡਿਆਣਾਂ ਆਪਣੇ ਕਹਾਣੀ ਸੰਗ੍ਰਹਿ ‘ਜਿਲਦ ਵਿਹੂਣੇ’ ਪੰਨੇ ਰਾਹੀਂ ਕਹਾਣੀ ਦੇ ਪਿੜ ਵਿੱਚ ਸ਼ਾਮਿਲ ਹੋਇਆ। ਹੁਣ ਤੱਕ ਉਸਨੇ ਬਹੁਤ ਖੂਬਸੂਰਤ ਕਹਾਣੀਆਂ ਪੰਜਾਬੀ ਸਾਹਿਤ ਨੂੰ ਦਿੱਤੀਆਂ। ਕਹਾਣੀ ਕੰਧ ਇਕ ਪਰਿਵਾਰ ਵਿੱਚ ਦੋ ਧਿਰਾਂ ਬਣ ਜਾਣ ਦੀ ਕਹਾਣੀ ਹੈ। ਇਸ ਕਹਾਣੀ ਵਿੱਚ ਮਨਮੀਤ ਕੌਰ ਜੋ ਆਪਣੇ ਪਤੀ ਨੂੰ ਬਹੁਤ ਪਿਆਰ ਕਰਦੀ ਹੈ। ਉਹ ਕੁਦਰਤੀ ਸਬੰਧ ਬਨਾਉਣ ਰਾਹੀਂ ਬੱਚਾ ਪੈਦਾ ਨਹੀਂ  ਕਰ ਪਾੳਂੁਦੇ ਤਾਂ ਅਖੀਰ ਆਈ.ਵੀ.ਐਫ. ਵਿਧੀ ਦਾ ਸਹਾਰਾ ਲੈਂਦੇ ਹਨ। ਜਿਸਦਾ ਇਲਾਜ ਚੱਲ ਰਿਹਾ ਹੁੰਦਾ ਹੈ। ਅਚਾਨਕ ਐਕਸੀਡੈਂਟ ਵਿੱਚ ਕੁਲਵੀਰ ਦੀ ਮੌਤ ਹੋ ਜਾਂਦੀ ਹੈ ਜਿਸ ਕਾਰਨ ਘਰ ਇਕ ਦਮ ਬਿਖ਼ਰ ਜਾਂਦਾ ਹੈ। ਉਸਤੋਂ ਬਾਦ ਮਨਮੀਤ ਜੋ ਕੁਲਵੀਰ ਦੇ ਹਸਪਤਾਲ ਵਿੱਚ ਪਏ ਸਪਰਮ ਰਾਹੀਂ ਬੱਚਾ ਲੈ ਲੈਂਦੀ ਹੈ। ਉਸਦਾ ਜਦੋਂ ਮਨਮੀਤ ਦੇ ਸੱਸ ਸਹੁਰੇ ਨੂੰ ਪਤਾ ਲਗਦਾ ਤਾਂ ਉਹ ਉਹਦੇ ਉਤੇਂ ਤੋਹਮਤਾਂ ਲਾੳਂੁਦੇ ਨੇ। ਉਸਨੂੰ ਘਰੋ ਕੱਢ ਦਿੱਤਾ ਜਾਂਦੈ। ਉਸਦਾ ਸਹੁਰਾ ਤਾਂ ਇਥੋਂ ਤੱਕ ਕਹਿ ਦਿੰਦੈ ਬਈ ‘ਜੇ ਭੁੱਖ ਨੀ ਸੀ ਸਾਂਭੀ ਜਾਂਦੀ ਤਾਂ ਕਿਸੇ ਦੇ ਲੜ੍ਹ ਲੱਗ ਜਾਂਦੀ’ । ਮਨਮੀਤ ਜੋ ਆਪਣੇ ਪਤੀ ਕੁਲਵੀਰ ਦੇ ਪਿਆਰ ਵਿੱਚ ਪਰੁੰਨੀ ਹੋਈ ਜੀਵਨ ਦਾ ਸਭ ਤੋਂ ਵੱਡਾ ਤਿਆਗ ਕਰ ਦਿੰਦੀ ਹੈ । ਉਹ ਆਪਣੇ ਬੇਟੇ ਹਰਮਨ ਅਤੇ ਸੱਸ ਸਹੁਰੇ ਦੇ ਕਰੀਬ ਰਹਿਣਾ ਚਾਹੁੰਦੀ ਹੈ ਪਰ ਉਸਦਾ ਸੱਸ ਸਹੁਰਾ ਉਸਨੂੰ ਅਪਨਾਉਣ ਤੋਂ ਕੋਰੀ ਨਾਂਹ ਕਰ ਦਿੰਦੇ ਹਨ ਤੇ ਉਸਨੂੰ ਪਰਿਵਾਰ ਦੇ ਨੇੜੇ ਰਹਿਣ ਲਈ ਕੋਰਟ ਦਾ ਸਹਾਰਾ ਲੈਣਾ ਪੈਂਦਾ ਹੈ।
ਸਿਮਰਨ ਧਾਲੀਵਾਲ ਨਵੇਂ ਪੋਚ ਦਾ  ਸਿਰਕੱਢ ਕਹਾਣੀਕਾਰ ਹੈ ਜਿਸਨੂੰ ਭਾਰਤੀ ਸਾਹਿਤ ਅਕਾਦਮੀ ਦੇ ਯੁਵਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਸਨੇ ਪੰਜਾਬੀ ਕਹਾਣੀ ਦੇ ਨਾਲ ਨਾਲ ਬੱਚਿਆਂ ਦੇ ਸਾਹਿਤ ਉਪਰ ਵੀ ਨਿੱਠ ਕੇ ਕੰਮ ਕੀਤਾ ਹੈ। ਉਸਦੀ ਕਹਾਣੀ ‘ਮਿ੍ਰਗ ਤਿ੍ਰਸ਼ਨਾ’ ਵਿੱਚ ਉਸਨੇ ਮਰਦ ਦੀ ਮਾਨਸਿਕਤਾ ਨੂੰ ਬੜੀ ਬਾਰੀਕੀ ਨਾਲ ਫੜ੍ਹਿਆ ਹੈ। ਉਸਦਾ ਨਾਇਕ ਅਜੋਕੀ ਚਕਾਚੌਂਧ ਵਿੱਚ ਗੁਆਚਿਆ ਥਾਂ-ਥਾਂ ‘ਮੁਹੱਬਤਾਂ’ ਵੰਡਦਾ ਫਿਰਦਾ ਹੈ ਪਰ ਜਦ ਉਸਨੂੰ ਪਤਨੀ ਦੇ ਕਿਰਦਾਰ ਉੱੁਪਰ ਸ਼ੱਕ ਹੁੰਦਾ ਹੈ ਤਾਂ ਉਹ ਤੜਫ਼ ਉੱਠਦਾ ਹੈ। ਜਦ ਉਸਦਾ ਸ਼ੱਕ ਨਿਰਮੂਲ ਸਾਬਿਤ ਹੁੰਦਾ ਹੈ ਤਾਂ ਬੇਹੱਦ ਸ਼ਰਮਿੰਦਾ ਵੀ ਹੁੰਦਾ ਹੈ ਤੇ ਆਪਣੇ ਕਰਮ ੳੱੁਪਰ ਪਛਤਾਉਂਦਾ ਵੀ ਹੈ।
ਦਰਸ਼ਨ ਜੋਗਾ ਪੰਜਾਬੀ ਕਹਾਣੀ ਦਾਲਾਡਲਾ ਤੇ ਨਿੱਘਾ ਰਾਜ ਕੁਮਾਰ ਹੈ। ਉਸਦੀਆਂ ਕਹਾਣੀਆਂ ਅੰਤਰਮੁਖੀ ਹੁੰਦੀਆ ਨੇ। ਮਨੁੱਖੀ ਮਨਦੀ ਟੁੱਟ ਭੱਜ ਨੂੰ ਉਹ ਬੜੀ ਬਰੀਕੀ ਨਾਲ ਵੇਖਦਾ ਹੈ। ਹਥਲੀ ਕਹਾਣੀ  ‘ਕੁਸ਼ ਨੀ ਹੁੰਦਾ’ ਵੀ ਇਸੇ ਟੁੱਟ ਭੱਜ ਨਾਲ ਲਬਰੇਜ ਹੈ। ਪਿਤਾ ਸਨਮੁਖ ਭੱੁਲਰ ਜੋ ਆਪਣੇ ਪਿਤਾ ਪੁਰਖੀ ਫ਼ੌਜੀ ਜਜ਼ਬੇ ਅਤੇ ਦਾਬੇ ਨੂੰ ਆਪਣੇ ਪੁੱਤਰ ਵਿਸ਼ਵ ਅੰਦਰ ਵੀ ਵੇਖਣਾ ਚਹੁੰਦਾ ਹੈ। ਉਹ ਚਾਹੁੰਦਾ ਹੈ ਕਿ ਆਪਣੇ ਵਡਾਰੂਆਂ ਵਾਂਗ ਉਸਦਾ ਪੁੱਤਰ ਵੀ ਰਫ਼ਲਾਂ ਅਤੇ ਸ਼ਿਕਾਰ ਦਾ ਸ਼ੌਕੀਨ ਹੋਵੇ। ਉਹ ਵੀ ਦਬਕੇ ਵਾਲਾ ਜਜ਼ਬਾ ਰੱਖੇ। ਪਰ ਇਸਦੇ ਉਲਟ ਉਹ ਸੰਗੀਤ ਨੂੰ ਪਿਆਰ ਕਰਨ ਵਾਲਾ ਅਤੇ ਮਨੁੱਖੀ ਮਨ ਦੀ ਭਾਵਨਾ ਦੀ ਕਦਰ ਕਰਨ ਵਾਲਾ ਨਿਕਲਦਾ ਹੈ। ਜਿਸ ਤੋਂ ਪਿਤਾ ਸਨਮੁਖ ਖਿਝਦਾ ਹੈ। ਅਖੀਰ ਉਹ ਉਦੋਂ ਹਾਰ ਜਾਂਦਾ ਜਦੋਂ ਘਰ ਦੀ ਨੌਕਰਾਣੀ ਸੋਮਾ ਦੀ ਧੀ ਸ਼ਿਵਾਨੀ ਨਾਲ ਆਪਣੇ ਪੁੱਤਰ ਦੇ ਪਿਆਰ ਦਾ ਉਸਨੂੰ ਪਤਾ ਲੱਗਦਾ ਹੈ। ਤੇ ਨੌਕਰਾਣੀ ਉਚੀ ਅਵਾਜ਼ ਵਿੱਚ ਕਹਿੰਦੀ ਹੈ ‘ਜਦੋਂ ਮੈਨੂੰ ਭੋਗਦਾ ਸੀ। ਉਦੋਂ ਤਾਂ ਕਹਿੰਦਾ ਸੀ ਕੁਸ਼ ਨੀ ਹੁੰਦਾ, ਕੁਸ਼ ਨੀ ਹੁੰਦਾ … ਹੁਣ ਵੀ ਕੁਸ਼ ਨੀ ਹੁੰਦਾ। ਤੇਰੇ ਨਿਸ਼ਾਨਿਆਂ ਨਾਲ ਤਾਂ ਬੰਦੇ ਮਰਦੇ ਰਹੇ ਐ, ਪਰ ਮੇਰੇ  ਨਿਸ਼ਾਨੇ ਜਿਉਣ ਦੇ ਨੇ।’
ਸਮੱੁਚੇ ਰੂਪ ਵਿੱਚ ਇਸ ਕਿਤਾਬ ਦੀਆਂ ਕਹਾਣੀਆਂ ਸਮਕਾਲ ਦੇ ਗੁੰਝਲਦਾਰ ਵਰਤਾਰਿਆਂ ਤੇ ਸਮਕਾਲੀ ਮਨੁੱਖ ਦੇ ਅੰਦਰਲੀ ਕਸ਼ਮਸ਼ ਨੂੰ ਬੜੀ ਕਲਾਤਮਿਕਤਾ ਨਾਲ ਪੇਸ਼ ਕਰਦੀਆਂ ਹਨ। ਇਸ ਕਿਤਾਬ ਵਿੱਚ ਆਪਣੀਆਂ ਕਹਾਣੀਆਂ ਨੂੰ ਸ਼ਾਮਿਲ ਕਰਨ ਦੀ ਇਜਾਜ਼ਤ ਦੇਣ ਵਾਲੇ ਕਥਾਕਾਰਾਂ ਦਾ ਤਹਿ ਦਿਲੋਂ ਧੰਨਵਾਦ।
-ਗੁਰਮੀਤ ਆਰਿਫ਼