ਮੋਹ ਭਰੇ ਸ਼ਬਦ
ਕਿੰਨੀ ਸੁਹਣੀ ਗੱਲ ਹੈ ਕਿ ਅੱਜ ਬਹੁ-ਗਿਣਤੀ ਵਿਚ ਕੁੜੀਆਂ ਸਾਹਿਤ ਰਚ ਰਹੀਆਂ ਹਨ। ਉਹਨਾਂ ਨੇ ਆਪਣੇ ਮਨਾਂ ਤੋਂ ਚੁੱਪ ਦੇ ਜਿੰਦੇ ਤੋੜ ਦਿੱਤੇ ਹਨ। ਉਹ ਲੋਕ -ਗੀਤਾਂ ਦੇ ਉਹਲਿਆਂ ’ਚੋਂ ਨਿਕਲ ਕੇ ਸ਼ਾਖ਼ਸਾਤ ਸਾਹਿਤ ਦੇ ਪਿੜ ਵਿਚ ਸੁਭਾਇਮਾਨ ਹਨ। ਉਹਨਾਂ ਦੇ ਮਨ-ਮਸਤਕ ਦੀ ਲੋਅ ਹੋਰ ਉੱਚੀ ਹੋ ਰਹੀ ਹੈ। ਹਥਲੀ ਪੁਸਤਕ ਰਾਹੀਂ ਇਹਨਾਂ ਸਿਰਜਣਹਾਰੀਆਂ ਦੇ ਨਾਵਾਂ ਦੀ ਲੜੀ ਵਿਚ ਇਕ ਹੋਰ ਨਾਂ ਸ਼ੁਮਾਰ ਹੁੰਦਾ ਹੈ-ਕਮਲ ਸੇਖੋਂ।
ਕਮਲ ਸੇਖੋਂ ਦੀ ਰੂਹ ਕਵਿਤਾ ਨਾਲ ਰਸੀ ਹੋਈ ਹੈ। ਕਵਿਤਾ ਉਸ ਦੀ ਆਤਮਾ ਦਾ ਭਾਵਮਈ ਪ੍ਰਗਟਾਵਾ ਹੈ। ਸਿਰਜਣਾ ਉਸ ਦੀ ਗੂੰਗੀ ਮਿੱਟੀ ਨੂੰ ਬੋਲ ਬਖ਼ਸ਼ਦੀ ਹੈ। ਸਧਾਰਨ ਬਾਂਸ ਦੇ ਟੁਕੜੇ ਤੋਂ ਬੰਸਰੀ ਵਿਚ ਪ੍ਰਵਰਤਿਤ ਹੋਣ ਦਾ ਗੁਰ ਸਮਝਾਉਂਦੀ ਹੈ। ਜ਼ਿੰਦਗੀ ਦੀਆਂ ਬੇਤਰਤੀਬੀਆਂ ਨੂੰ ਤਰਤੀਬ ਵਿਚ ਕਰਨ ਦੀ ਸ਼ਕਤੀ ਦਿੰਦੀ ਹੈ। ਉਸ ਦੀਆਂ ਨਿੱਕੀਆਂ ਨਿੱਕੀਆਂ ਕਰੂੰਬਲਾਂ ਵਾਂਗ ਫੁਟਦੀਆਂ ਕਵਿਤਾਵਾਂ ਵਿਚ ਜ਼ਿੰਦਗੀ ਦੇ ਗਹਿਰੇ ਅਰਥਾਂ ਦਾ ਪ੍ਰਕਾਸ਼ ਨਜ਼ਰ ਆਉਂਦਾ ਹੈ।
ਸੁਹਣੇ ਦਿਲ ’ਚੋਂ ਨਿਕਲੀਆਂ ਇਹਨਾਂ ਸੁਹਜਮਈ ਕਵਿਤਾਵਾਂ ਲਈ ਮੈਂ ਕਮਲ ਸੇਖੋਂ ਨੂੰ ਮੁਬਾਰਕਬਾਦ ਆਖਦੀ ਹਾਂ।
ਸੁਖਵਿੰਦਰ ਅੰਮ੍ਰਿਤ