Sale

180.00

Shukde Aab Te Khaab

,

Meet The Author

ਡਾ. ਮੇਹਰ ਮਾਣਕ ਸਮਾਜ ਵਿਗਿਆਨ ਦਾ ਪ੍ਰੋਫੈਸਰ ਹੈ। ਉਹ ਅਕਾਦਮਿਕਤਾ ਨੂੰ ਆਪਣੇ ਵਿਚਾਰਾਂ ਦਾ ਵਾਹਣ ਬਣਾਉਂਦਾ ਹੈ। ਸਿਰਜਣਾਤਮਕ ਉਸ ਦੀ ਸ਼ਖ਼ਸੀਅਤ ਦਾ ਹਿੱਸਾ ਹੈ। ਇਸੇ ਲਈ ਉਹ 2000 ਤੋਂ ਲਗਾਤਾਰ ਕਵਿਤਾ ਲਿਖ ਰਿਹਾ ਹੈ। ਕਵਿਤਾ ਵੀ ਉਸ ਲਈ ਆਪਣੀ ਵਿਚਾਰਧਾਰਾ ਨੂੰ ਪ੍ਰਗਟ ਕਰਨ ਦਾ ਸਿਰਜਣਾਤਮਕ ਜ਼ਰੀਆ ਹੈ। ਡਾ. ਮੇਹਰ ਮਾਣਕ ਦੀ ਕਵਿਤਾ ਦੀ ਪਹਿਲੀ ਕਿਤਾਬ ‘ਹਨੇਰੇ ਤੇ ਪਰਛਾਵੇਂ’ (2005) ਸੀ। ਇਸ ਤੋਂ ਬਾਅਦ ਉਸ ਨੇ ‘ਲਾਵਾ ਮੇਰੇ ਅੰਦਰ’ (2011) ਪ੍ਰਕਾਸ਼ਿਤ ਕਰਵਾਈ। ਉਹ ਇਹ ਦੋ ਕਾਵਿ- ਸੰਗ੍ਰਹਿ ਲਿਖਣ ਤੋਂ ਬਾਅਦ ਪ੍ਰਗੀਤਕ ਕਵਿਤਾ ਵੱਲ ਆਪਣਾ ਝੁਕਾਅ ਰੱਖਦਾ ਪ੍ਰਤੀਤ ਹੁੰਦਾ ਹੈ। ਉਸ ਨੇ ‘ਸਿਦਕ ਸਲਾਮਤ’ ਨਾਂ ਦਾ ਗੀਤ ਸੰਗ੍ਰਹਿ 2018 ਵਿੱਚ ਪ੍ਰਕਾਸ਼ਿਤ ਕਰਵਾਇਆ। ਇਸ ਗੀਤ ਸੰਗ੍ਰਹਿ ਤੋਂ ਬਾਅਦ ਉਸ ਨੇ ‘ਡੂੰਘੇ ਦਰਦ ਦਰਿਆਵਾਂ ਦੇ’ (2022) ਨਾਂ ਦਾ ਪ੍ਰਗੀਤਕ ਕਾਵਿ ਸੰਗ੍ਰਹਿ ਲਿਖਿਆ । ਇਸੇ ਲੜੀ ਵਿੱਚ ਹੁਣ ਉਸ ਦਾ ਹਥਲਾ ਕਾਵਿ ਸੰਗ੍ਰਹਿ ‘ਸ਼ੂਕਦੇ ਆਬ ਤੇ ਖ਼ਾਬ’ ਵੀ ਇੱਕ ਲੰਮੀ ਪ੍ਰਗੀਤਕ ਕਵਿਤਾ ਹੈ ਜਿਸ ਵਿੱਚ ਪੰਜਾਬ ਦੇ ਮੈਟਾਫਰ( ਰੂਪਕ) ਨੂੰ ਕੇਂਦਰ ਵਿੱਚ ਰੱਖ ਕੇ, ਅਸਲ ਵਿੱਚ ਪੰਜਾਬ ਦੇ ਵਰਤਮਾਨ ਦੀ ਗੱਲ ਕੀਤੀ ਗਈ ਹੈ। ਇਹ ਵਰਤਮਾਨ ਵੀ ਲਗਭਗ ਤਿੰਨ ਚਾਰ ਦਹਾਕਿਆਂ ਦੇ ਪੰਜਾਬ ਦੇ ਇਤਿਹਾਸ, ਸੰਸਕਿ੍ਰਤੀ ਅਤੇ ਪੰਜਾਬੀ ਜਨ-ਮਾਨਸ ਦੇ ਬਦਲ ਰਹੇ ਮੁਹਾਂਦਰੇ ਨੂੰ ਸਵਾਲਾਂ ਦੇ ਘੇਰੇ ਵਿੱਚ ਰੱਖ ਕੇ ਪ੍ਰਗਟ ਹੋ ਰਿਹਾ ਹੈ। ਇਸ ਕਾਵਿ ਸੰਗ੍ਰਹਿ ਦੀਆਂ ਸ਼ੁਰੂਆਤੀ ਕਵਿਤਾਵਾਂ ਪੰਜਾਬ ਦੇ ਦਰਿਆਵਾਂ ਦੀ ਕਹਾਣੀ ਸੁਣਾਉਂਦਿਆਂ ਸੁਣਾਉਂਦਿਆਂ, ਪੰਜਾਬੀ ਜਨ -ਮਾਨਸ ਦੇ ਵਰਤਮਾਨ ਦਿਓ ਕੱਦ ਪੂੰਜੀਵਾਦੀ ਮੰਡੀ ਵਿੱਚ ਘਿਰਦੀ ਜਾ ਰਹੀ ਮਨੋ- ਸਰੰਚਨਾ ਅਤੇ ਜੀਵਨ ਵਿਵਹਾਰ ’ਤੇ ਸਵਾਲ ਨਜ਼ਰ ਆਉਂਦੇ ਹਨ।
ਇਸ ਸੰਗ੍ਰਹਿ ਦੀਆਂ ਕਵਿਤਾਵਾਂ ਨੂੰ ਮੈਂ ਇੱਕ ਲੰਮੀ ਪ੍ਰਗੀਤਕ ਕਵਿਤਾ ਇਸ ਲਈ ਕਿਹਾ ਹੈ ਕਿ ਇਨ੍ਹਾਂ ਦੇ ਕੇਂਦਰੀ ਥੀਮ ਵਿੱਚ ਇੱਕ ਸਾਂਝ ਚਲਦੀ ਹੈ। ਕੋਈ ਸ਼ੱਕ ਨਹੀਂ ਹਰ ਕਵਿਤਾ ਇੱਕ ਇੱਕ ਵੱਖਰੇ ਕਾਵਿ-ਬਿਰਤਾਂਤ ਨੂੰ ਸਿਰਜਦੀ ਹੈ ਅਤੇ ਵੱਖਰਾ ਵਿਸ਼ਾ ਵਸਤੂ ਘੜ੍ਹਦੀ ਹੈ ਪਰ ਤਾਂ ਵੀ ਇਨ੍ਹਾਂ ਦੇ ਮੁੱਖ ਕੋਡ ਥੀਮ ਦੀ ਸਾਂਝ ਬਣ ਜਾਂਦੀ ਹੈ। ਰੂਪਕ ਪੱਖ ਤੋਂ ਵੀ ਡਾ. ਮੇਹਰ ਮਾਣਕ ਦਾ ਇਹ ਸੰਗ੍ਰਹਿ ਉਸ ਦੀਆਂ ਪਹਿਲੀਆਂ ਦੋ ਕਾਵਿ – ਕਿਤਾਬਾਂ ਤੋਂ ਨਿਆਰਾ ਹੈ; ਇਸ ਦਾ ਪ੍ਰਗਟਾਅ ਰੁਮਾਂਚਿਕ ਵੀ ਹੈ, ਰੋਮਾਂਟਿਕ ਵੀ ਹੈ। ਇਹ ਉਸ ਦਾ ਬਦਲਾਅ ਤਾਂ ਗੀਤ ਸੰਗ੍ਰਹਿ ਵਿੱਚ ਹੀ ਹੋ ਗਿਆ ਸੀ, ਪਰ ‘ਡੂੰਘੇ ਦਰਦ ਦਰਿਆਵਾਂ ਦੇ ’(2022) ਵਾਲ਼ੇ ਕਾਵਿ ਸੰਗ੍ਰਹਿ ਵਿੱਚ, ਸ਼ਾਇਦ ਉਸ ਨੇ ਆਪਣੀ ਕਾਵਿਤਾ ਲਈ ਇੱਕ ਵੱਖਰੀ ਕਾਵਿਕ- ਜ਼ਮੀਨ ਦੀ ਤਲਾਸ਼ ਕਰਨ ਦਾ ਯਤਨ ਕੀਤਾ। ‘ਸ਼ੂਕਦੇ ਆਬ ਤੇ ਖ਼ਾਬ’ ਵਿੱਚ ਆ ਕੇ ਇਹ ਇੱਕ ਆਪਣੀ ਰੂਪਾਕਾਰਕ ਪਛਾਣ ਬਣਾ ਲੈਂਦੀ ਹੈ। ਇਸ ਕਿਤਾਬ ਦੇ ਗਹਿਣ ਪਾਠ ਤੋਂ ਪਤਾ ਚਲਦਾ ਹੈ ਕਿ ਇਸ ਸੰਗ੍ਰਹਿ ਵਿੱਚ ਉਸ ਨੇ ਪੰਜਾਬ ਦੇ ਦਰਿਆਵਾਂ ਰਾਹੀਂ, ਪੰਜਾਬ ਦੇ ਬਦਲ ਰਹੇ ਨਕਸ਼ਾਂ ਅਤੇ ਮੁਹਾਂਦਰੇ ਬਾਰੇ ਆਪਣਾ ਫ਼ਿਕਰ ਪ੍ਰਗਟ ਕੀਤਾ ਹੈ। ਇਹ ਫ਼ਿਕਰ ਇੱਕ ਕਵੀ ਦਾ, ਇੱਕ ਵਿਚਾਰਕ ਦਾ ਅਤੇ ਪੰਜਾਬ ਦੇ ਇੱਕ ਦਰਦੀ ਦਾ ਹੈ। ਰੂਪਕ ਪੱਖ ਤੋਂ ਵੀ ਇਸ ਸੰਗ੍ਰਹਿ ਦੀਆਂ ਕਵਿਤਾਵਾਂ ਦੀ ਇੱਕ ਐਸੀ ਤਰਤੀਬ ਹੈ ਜਿਨ੍ਹਾਂ ਵਿੱਚ ਤੋਲ- ਤੁਕਾਂਤ ਦੀ ਪ੍ਰਗੀਤਕ ਲੈਅ ਦੀ ਇਕਸਾਰਤਾ ਦਾ ਉਚੇਚਾ ਧਿਆਨ ਰੱਖਿਆ ਗਿਆ ਹੈ। ਕਿਸੇ ਨਿਸ਼ਚਿਤ ਛੰਦ ਜਾਂ ਛੋਟੀ ਬਹਿਰ ਦੀ ਬੰਦਸ਼ ਤੋਂ ਮੁਕਤ ਵੀ ਇਹ ਕਵਿਤਾਵਾਂ, ਇੱਕ ਨਿਰੰਤਰ ਅਤੇ ਇਕਸਾਰ ਤਰਤੀਬ ਦਾ ਪ੍ਰਭਾਵ ਦਿੰਦੀਆਂ ਹਨ ਅਤੇ ਆਪਣੀ ਆਂਤਰਿਕ ਪ੍ਰਗੀਤਾਤਮਿਕਤਾ ਬਣਾਈ ਰੱਖਦੀਆਂ ਹਨ। ਮੈਂ ਇਸ ਦੇ ਪ੍ਰਗਟਾਅ ਬਾਰੇ ਜੋ ਇਹ ਕਿਹਾ ਹੈ ਕਿ ਇਹ ਰੁਮਾਂਚਿਕ ਅਤੇ ਰੁਮਾਂਟਿਕ ਕਾਵਿ – ਮੁਹਾਂਵਰੇ ਵਿੱਚ ਵੀ ਹਨ; ਦਾ ਅਰਥ ਇਹ ਹੈ ਜਦੋਂ ਉਹ ਦਰਿਆਵਾਂ/ਕੁਦਰਤ ਦਾ ਮਾਨਵੀਕਰਨ () ਕਰਦਾ ਹੈ ਤਾਂ ਉੱਥੇ ਪ੍ਰਗਟਾ ਕੁਦਰਤੀ ਵਹਿਣ ’ਚ ਹੀ ਰੁਮਾਂਟਿਕ ਅਤੇ ਭਾਵ- ਵੇਸ਼ੀ (5) ਬਣ ਜਾਂਦਾ ਹੈ। ਝਨਾਂ ਦਾ ਮੁਟਿਆਰ ਦੇ ਰੂਪ ਵਿੱਚ ਪ੍ਰਗਟਾ, ਪੰਜਾਬੀ ਲੋਕਧਾਰਾ ਦੀ ਸਿਰਜਨਾਤਮਕ ਜ਼ਮੀਨ ਨੂੰ ਵੀ ਯਾਦ ਕਰਵਾ ਦਿੰਦਾ ਹੈ। ਮੈਨੂੰ ਤਾਂ ਸਗੋਂ ਇਹ ਹੈਰਾਨੀ ਵੀ ਹੋਈ ਕਿ ਡਾ. ਮੇਹਰ ਮਾਣਕ ਨੇ ਵਿਅੰਗ ਅਤੇ ਵਿਚਾਰਧਾਰਕ ਵਿਸਫੋਟਕ ਭਾਸ਼ਾ ਨੂੰ ਤਿਆਗ ਕੇ, ਹੁਣ ਆਪਣੇ ਲਈ ਨਵੀਂ ਕਾਵਿ- ਭਾਸ਼ਾ ਚੁਣੀ ਹੈ। ਇਹ ਕਾਵਿ- ਭਾਸ਼ਾ , ਹੁਣ ਦੇ ਪੰਜਾਬੀ ਪਾਠਕ ਨੂੰ ਕਿਵੇਂ ਭਾਏਗੀ, ਇਹ ਤਾਂ ਪਾਠਕ ਹੀ ਨਿਰਣਾ ਕਰਨਗੇ, ਪਰ ਇਹ ਉਸ ਦੇ ਕਾਵਿ -ਸਫ਼ਰ ਦਾ ਨਵਾਂ ਅਤੇ ਅਗਲਾ ਅਧਿਆਇ ਹੈ।
ਡਾ. ਮੇਹਰ ਮਾਣਕ ਇੱਕ ਤਰ੍ਹਾਂ ਨਾਲ ਇਸ ਕਾਵਿ- ਸੰਗ੍ਰਹਿ ਦੀ ਭੂਮਿਕਾ ਵਜੋਂ ‘ਪੰਜ- ਆਬ’ ਕਵਿਤਾ ਨੂੰ ਉਚੇਚੇ ਤੌਰ ’ਤੇ ਸਿਰਜਦਾ ਹੈ। ‘ਪੰਜ-ਆਬ’ ਇਸ ਕਾਵਿ ਸੰਗ੍ਰਹਿ ਦੀ ਮੁੱਖ ਥੀਮ ਕਵਿਤਾ ਦੇ ਤੌਰ ’ਤੇ ਪ੍ਰਗਟ ਹੁੰਦੀ ਵੇਖੀ ਜਾ ਸਕਦੀ ਹੈ। ‘ਪੰਜ- ਆਬ’ ਰਾਹੀਂ ਉਹ ਇੱਕ ਪਾਸੇ ਤਾਂ ਪੰਜਾਬੀਆਂ ਦੇ ਖੁੱਲ੍ਹੇ -ਡੁੱਲ੍ਹੇ, ਅਲਬੇਲੇ, ਮਿਹਨਤੀ ਅਤੇ ਸਰਬ ਸਾਂਝੀਵਾਲਤਾ ਦੀ ਵਿਚਾਰਧਾਰਾ ਵਾਲੇ ਮਾਨਵ ਦੇ ਤੌਰ ’ਤੇ ਵਡਿਆਈ ਕਰਦਾ ਹੈ, ਦੂਜੇ ਪਾਸੇ ਕੁੱਝ ਪ੍ਰਸ਼ਨ ਵੀ ਖੜ੍ਹੇ ਕਰਦਾ ਹੈ। ਇਨ੍ਹਾਂ ਸਵਾਲਾਂ ਰਾਹੀਂ ਉਸ ਦੀ ਵਿਚਾਰਧਾਰਾ ਅਤੇ ਕਵਿਤਾ ਦਾ ਮਕਸਦ ਵੀ ਸਾਹਮਣੇ ਆ ਜਾਂਦਾ ਹੈ।

ਡਾ. ਯੋਗ ਰਾਜ ਅੰਗਰੀਸ਼
ਡੀਨ ਭਾਸ਼ਾਵਾਂ ਅਤੇ ਚੇਅਰਮੈਨ,
ਪੰਜਾਬੀ ਵਿਭਾਗ,
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ