ਮੰਜ਼ਿਲਾਂ ਨੂੰ ਸਰ ਕਰਨਾ
ਵਿਗਿਆਨ ਦੇ ਇਸ ਯੁੱਗ ਵਿੱਚ ਇਨਸਾਨ ਜਿਸ ਕੰਮ ਨੂੰ ਪਲਾਂ ਵਿੱਚ ਕਰਨ ਦੀ ਸਮਰੱਥਾ ਰੱਖਦਾ ਹੈ ਕਈ ਵਾਰੀ ਇੱਕ ਕਦਮ ਗ਼ਲਤ ਰਾਹੇ ਪੁੱਟਦਿਆਂ ਉਹੀ ਕੰਮ ਦਿਨ-ਮਹੀਨੇ ਅਤੇ ਕਦੀ-ਕਦੀ ਸਾਲਾਂ ਉੱਪਰ ਜਾ ਪੈਂਦਾ ਹੈ। ਵਿਗਿਆਨ ਦੀਆਂ ਆਏ ਦਿਨ ਕੀਤੀਆਂ ਨਵੀਆਂ-ਨਵੀਆਂ ਖੋਜਾਂ ਨੇ ਮਨੁੱਖ ਦਾ ਜੀਵਨ ਬਹੁਤ ਹੀ ਸੁਖਾਲ਼ਾ ਬਣਾ ਦਿੱਤਾ। ਪਰ ਕਈ ਵਾਰ ਇਨਸਾਨ ਵੱਲੋਂ ਕੀਤੀ ਗਈ ਕਾਹਲੀ ਹੀ ਉਸ ਦੇ ਰਾਹ ਵਿੱਚ ਕਈ ਰੁਕਾਵਟਾਂ ਖੜ੍ਹੀਆਂ ਕਰ ਦੇਂਦੀ ਆ। ਵਿਗਿਆਨ ਨੇ ਇਸ ਯੁੱਗ ਵਿੱਚ ਬੜੀ ਤਰੱਕੀ ਕੀਤੀ ਹੈ ਪਰ ਕਈ ਲੋਕ ਅਜੇ ਵੀ ਵਿਗਿਆਨ ਦੀਆਂ ਕਾਢਾਂ ਤੋਂ ਸੱਖਣੇ ਹਨ ਅਤੇ ਇਹੋ ਜਿਹੇ ਭੋਲੇ-ਭਾਲੇ ਲੋਕ ਹੀ ਵਹਿਮਾਂ-ਭਰਮਾਂ ਦਾ ਸ਼ਿਕਾਰ ਬਣਦੇ ਜਾਂ ਫਿਰ ਚਤਰ ਲੋਕਾਂ ਵੱਲੋਂ ਉਹਨਾਂ ਨੂੰ ਬੇਵਕੂਫ਼ ਬਣਾਇਆ ਜਾਂਦਾ ਹੈ।
ਆਪਣੇ ਘਰ ਪਰਿਵਾਰ ਨੂੰ ਛੱਡਕੇ ਪਰਾਏ ਮੁਲਕਾਂ ਵਿੱਚ ਰਹਿਣਾ ਸੌਖਾ ਨਹੀਂ ਹੁੰਦਾ। ਉਸ ਵਕਤ ਤਾਂ ਹੋਰ ਵੀ ਔਖਾ ਹੋ ਜਾਂਦਾ ਜਦੋਂ ਆਪਣੀ ਮਿੱਥੀ ਮੰਜ਼ਿਲ ਉੱਪਰ ਪਹੁੰਚਣ ਲਈ ਬੇਗਾਨੇ ਮੁਲਕਾਂ ਦੀ ਖ਼ਾਕ ਛਾਣਦੇ ਹੋਏ ਚੋਰਾਂ ਦੀ ਤਰ੍ਹਾਂ ਰਾਤ-ਬਰਾਤੇ ਟੇਡੇ ਮੇਡੇ ਰਾਹਾਂ ਵਿੱਚ ਦੀ ਡੌਂਕਰਾਂ ਦੇ ਮਗਰ-ਮਗਰ ਭੁੱਖੇ ਪਿਆਸੇ ਰਹਿਕੇ ਤੁਰਦਿਆਂ ਆਪਣੀ ਮੰਜ਼ਿਲ ਨੂੰ ਪਾਉਣਾ ਹੋਵੇ ਤਾਂ ਹੋਰ ਵੀ ਕਠਿਨ ਹੋ ਜਾਂਦਾ। ਇਹੋ ਜਿਹੇ ਪੰਧ ਵਿੱਚ ਕਈ ਵਾਰੀ ਪਾਂਧੀ ਨੂੰ ਆਪਣੀ ਜਾਨ ਵੀ ਗਵਾਉਣੀ ਪੈ ਜਾਂਦੀ ਹੈ। ਮਾਪਿਆਂ ਵੱਲੋਂ ਬੜੇ ਹੀ ਚਾਵਾਂ-ਲਾਡਾਂ ਨਾਲ ਪਾਲ ਪਲੋਸ ਕੇ ਜਵਾਨ ਕੀਤੀ ਉਹਨਾਂ ਦੀ ਔਲਾਦ ਨੂੰ ਸੰਘਣੇ ਅਤੇ ਡਰਾਉਣੇ ਜੰਗਲਾਂ ਵਿੱਚ ਤੁਰਨ ਲਈ ਮਜ਼ਬੂਰ ਹੋਣਾ ਪੈਂਦਾ ਹੈ।
ਇਹੋ ਜਿਹੇ ਸਫ਼ਰ ਵਿੱਚ ਨੰਗੇ ਪੈਰੀਂ ਪਹਾੜਾਂ ਦੀ ਹਿੱਕ ਨੂੰ ਲਤਾੜਦਿਆਂ ਸਿਖਰ ਉੱਪਰ ਚੜ੍ਹਨਾ ਅਤੇ ਫਿਰ ਦੂਜੇ ਪਾਸੇ ਉੱਤਰਕੇ ਆਪਣੇ ਅਗਲੇ ਪੰਧ ਲਈ ਹਰ ਵਕਤ ਤਿਆਰ ਰਹਿਣਾ ਕਿੰਨਾ ਔਖਾ ਹੁੰਦਾ ਇਹ ਤਾਂ ਉਹੀ ਜਾਣਦੇ ਹਨ ਜਿੰਨਾਂ ਨੇ ਇਹੋ ਜਿਹੇ ਸਫ਼ਰ ਦੀ ਗਿਣਤੀ-ਮਿਣਤੀ ਆਪਣੇ ਪੈਰਾਂ ਨਾਲ ਤੈਅ ਕੀਤੀ ਹੋਵੇ। ਤੇਜ਼ ਵਗਦੇ ਪਾਣੀਆਂ ਵਿੱਚੋਂ ਦੀ ਬਚਦੇ ਬਚਾਉਂਦੇ ਲੰਘਦੇ ਹੋਏ ਉਸ ਪਾਰ ਜ਼ਿੰਦਗੀ ਪਾਉਣ ਦੀ ਚਾਹਤ ਕੋਈ ਅਸਾਨ ਨਹੀਂ ਹੁੰਦੀ? ਬਹੁਤ ਵਾਰੀ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਪਾਣੀ ਦਾ ਤੇਜ਼ ਵਗਦਾ ਵਹਾ ਪਾਂਧੀ ਨੂੰ ਆਪਣੇ ਨਾਲ ਹੀ ਰੋੜ੍ਹਕੇ ਲੈ ਜਾਂਦਾ ਅਤੇ ਉਸ ਮੁਸਾਫ਼ਿਰ ਦੀ ਲਾਸ਼ ਵੀ ਕਿਸੇ ਨੂੰ ਨਹੀਂ ਮਿਲਦੀ। ਪਰ ਅਣਜਾਣ ਬੇਖ਼ਬਰ ਮਾਪਿਆਂ ਲਈ ਤਾਂ ਉਹਨਾਂ ਦਾ ਪੁੱਤ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਏਜੰਟਾਂ ਦੇ ਝੂਠੇ ਵਾਅਦਿਆਂ ਮਗਰ ਲੱਗਕੇ ਅਮਰੀਕਾ ਵਰਗੇ ਵਿਕਸਤ ਦੇਸ਼ ਵਿੱਚ ਬੜੇ ਸੌਖੇ ਢੰਗ ਨਾਲ ਪਹੁੰਚ ਗਿਆ ਹੈ ਜੋ ਕਿ ਚਾਲਬਾਜ਼ ਅਤੇ ਲਾਲਚੀ ਏਜੰਟਾਂ ਨੇ ਪਹਿਲਾਂ ਕੁੱਝ ਸੁਪਨੇ ਦਿਖਾਏ ਹੁੰਦੇ ਹਨ।
ਬੇ-ਰੁਜ਼ਗਾਰ ਮਜ਼ਬੂਰ ਭੋਲੇ-ਭਾਲੇ ਮੁੰਡੇ-ਕੁੜੀਆਂ ਨੂੰ ਉਸ ਪਾਰ ਜ਼ਿੰਦਗੀ ਦੇ ਸੁਨਹਿਰੀ ਸੁਪਨੇ ਦਿਖਾਉਣੇ ਏਜੰਟਾਂ ਦਾ ਬੜਾ ਖੂਬਸੂਰਤ ਤਰੀਕਾ ਹੈ। ਏਜੰਟ ਆਪਣੇ ਠੰਡੇ ਠਾਰ ਏ. ਸੀ ਦਫ਼ਤਰਾਂ ਵਿੱਚ ਬੈਠੇ ਬੜੀ ਹੀ ਅਸਾਨੀ ਨਾਲ ਦੁਨੀਆਂ ਦੇ ਨਕਸ਼ੇ ਉੱਪਰ ਆਪਣੇ ਹੱਥ ਦੀ ਉਂਗਲ ਨਾਲ ਦੱਸ ਦੇਂਦੇ ਹਨ ਕਿ ਪਹਿਲਾਂ ਤੁਸੀਂ ਪਨਾਮਾ ਜਾਣਾ ਹੈ ਅਤੇ ਉਸ ਤੋਂ ਬਾਅਦ ਇਕਵਾਡੋਰ ਤੋਂ ਹੁੰਦੇ ਹੋਏ ਮੈਕਸੀਕੋ ਵਿੱਚ ਦਾਖਿਲ ਹੋ ਜਾਣਾ। ਮੈਕਸੀਕੋ ਤੋਂ ਹੀ ਉਹਨਾਂ ਦੀ ਡੌਂਕੀ ਲਵਾਕੇ ਅਮਰੀਕਾ ਭੇਜਿਆ ਜਾਏਗਾ ਪਰ ਇਹ ਤਾਂ ਇਹਨਾਂ ਰਾਹਾਂ ਦੇ ਬਣੇ ਦੀਪ-ਲਾਲੀ ਹੁਰਾਂ ਵਰਗੇ ਪਾਂਧੀ ਹੀ ਜਾਣ ਸਕਦੇ ਹਨ ਕਿ ਕਿਵੇਂ ਉਹਨਾਂ ਨੇ ਏਜੰਟ ਸ਼ਰਮਾ ਜਾਂ ਫਿਰ ਗੇਜੀ ਵਰਗੇ ਝੂਠੇ ਦੋਸਤ ਦੇ ਦਿਖਾਏ ਸਬਜ਼ਬਾਗ ਉੱਪਰ ਯਕੀਨ ਕਰਕੇ ਆਪਣੀ ਜ਼ਿੰਦਗੀ ਨੂੰ ਜੋਖਮ ਵਿੱਚ ਪਾਇਆ। ਇਹ ਤਾਂ ਉਹਨਾਂ ਰਾਹਾਂ ਦੇ ਪਾਂਧੀ ਹੀ ਜਾਣਦੇ ਹਨ ਕਿ ਕਿਵੇਂ ਉਹਨਾਂ ਨੇ ਆਪਣੇ ਕਦਮਾਂ ਨਾਲ ਜੰਗਲਾਂ, ਪਹਾੜਾਂ ਅਤੇ ਨਦੀਆਂ ਨੂੰ ਮਾਪਦਿਆਂ ਇਕਵਾਡੋਰ ਤੋਂ ਤੁਲਕਾਨ ਵਰਗੇ ਛੋਟੇ-ਵੱਡੇ ਸ਼ਹਿਰਾਂ ਵਿੱਚ ਦੀ ਹੁੰਦੇ ਹੋਏ ਕੰਲੋਬੀਆ, ਮਨੀਆਲੇਸ, ਟੁਰਬੋ, ਪਾਨਾਮਾ, ਕੋਸਟਾਰੀਕਾ, ਵੋਲਨ, ਪਲਮਰ, ਕੋਲਾਨਾ, ਮਾਨਾਗੁਆ, ਨਿਕਾਰਾਗੁਆ, ਮੇਕਹਾਪਾ, ਐਲ ਸਲਵਾਡੋਰ, ਗੁਵਾਟਾਮਾਲਾ, ਮੈਕਸੀਕੋ, ਰੀਨੋਸਾ ਤੋਂ ਹੁੰਦੇ ਹੋਏ ਟੈਕਸੱਸ ਜਾਂ ਐਰੀਜ਼ੋਨਾ ਤੋਂ ਬਾਡਰ ਪਾਰ ਕਰਕੇ ਕਿਵੇਂ ਅਮਰੀਕਾ ਵਿੱਚ ਦਾਖਿਲ ਹੋਏ ਸਨ। ਇਹ ਤਾਂ ਨੀਟੇ ਵਰਗੇ ਮੁੰਡੇ ਹੀ ਆਪਣੀ ਇਸ ਦਰਦਨਾਕ ਦਾਸਤਾਨ ਨੂੰ ਬਿਆਨ ਕਰ ਸਕਦੇ ਹਨ ਕਿ ਕਿਵੇਂ ਉਹਨਾਂ ਨੇ ਪਨਾਮਾ ਦੇ ਜੰਗਲਾਂ ਨੂੰ ਪਾਰ ਕੀਤਾ ਅਤੇ ਕਿਹਨਾਂ ਹਲਾਤਾਂ ਵਿੱਚੋਂ ਦੀ ਗੁਜ਼ਰਦੇ ਹੋਏ ਉਹ ਕੋਸਟਾਰੀਕਾ ਤੱਕ ਪਹੁੰਚੇ ਅਤੇ ਆਪਣਾ ਸਭ ਕੁੱਝ ਗਵਾਕੇ ਧੱਕੇ ਖਾਂਦਿਆਂ ਪਰਿਵਾਰ ਵੱਲੋਂ ਸਰਕਾਰੇ-ਦਰਬਾਰੇ ਆਪਣੇ ਹੱਥ ਪੱਲਾ ਜੋੜਨ ਤੋਂ ਬਾਅਦ ਕਿਵੇਂ ਨੀਟੇ ਨੂੰ ਵਾਪਿਸ ਆਪਣੇ ਵਤਨ ਪਰਤਣਾ ਪਿਆ।
ਦੁਨੀਆਂ ਦੇ ਗੋਲ ਨਕਸ਼ੇ ਉੱਪਰ ਏਜੰਟਾਂ ਦੀ ਘੁੰਮਾਈ ਇੱਕ ਉਂਗਲ ਹੀ ਕਈ ਘਰਾਂ ਦੇ ਘਰ ਤਬਾਹ ਕਰ ਦਿਆਂ ਕਰਦੀ ਹੈ। ਉਹਨਾਂ ਪਰਿਵਾਰਾਂ ਵਿੱਚੋਂ ਕਈ ਸਾਲਾਂ ਤੱਕ ਸੋਗ ਖ਼ਤਮ ਨਹੀਂ ਹੁੰਦਾ ਜਿੰਨਾਂ ਦੇ ਧੀਆਂ-ਪੁੱਤਰ ਇਹਨਾਂ ਰਾਹਾਂ ਵਿੱਚ ਮਰ ਮੁੱਕ ਜਾਂਦੇ ਹਨ। ਦੀਪ ਹੁਰੀਂ ਤਾਂ ਸ਼ਾਇਦ ਮਰਦੇ ਦਮ ਤੱਕ ਪਨਾਮਾ ਵਾਲਾ ਕਿਸ਼ਤੀ ਹਾਦਸਾ ਕਦੇ ਨਹੀਂ ਭੁੱਲ ਸਕਦੇ ਜਿਸ ਡੌਂਕੀ ਵਿੱਚ ਡੌਂਕਰਾਂ ਵੱਲੋਂ ਪਹਿਲਾਂ ਉਹਨਾਂ ਨੂੰ ਟੁਰਬੋ ਤੋਂ ਪਨਾਮਾ ਦੀ ਡੌਂਕੀ ਲਵਾਉਣ ਲਈ ਤਿਆਰ ਕੀਤਾ ਗਿਆ ਸੀ ਪਰ ਸ਼ਰਮੇ ਏਜੰਟ ਦੇ ਪੈਸੇ ਨਾ ਪਹੁੰਚਣ ਕਰਕੇ ਦੀਪ ਹੁਰਾਂ ਦੀ ਡੌਂਕੀ ਨੂੰ ਰੱਦ ਕਰਨਾ ਪਿਆ ਅਤੇ ਬਾਕੀ ਬਾਈ ਮੁੰਡੇ ਆਪਣੇ ਅਗਲੇ ਪੰਧ ਲਈ ਦੀਪ ਹੁਰਾਂ ਤੋਂ ਅਲਵਿਦਾ ਲੈ ਕੇ ਤੁਰ ਪਏ ਪਰ ਕੌਣ ਜਾਣਦਾ ਸੀ ਕਿ ਇਹ ਸੱਚੀਂ ਹੀ ਇਸ ਦੁਨੀਆਂ ਨੂੰ ਅਲਵਿਦਾ ਆਖ ਰਹੇ ਹਨ। ਕਿਸ਼ਤੀ ਡੁੱਬਣ ਕਰਕੇ ਇਸ ਹਾਦਸੇ ਵਿੱਚ ਇੱਕੀ ਮੁੰਡੇ ਪਾਣੀ ਵਿੱਚ ਡੁੱਬਕੇ ਮਾਰ ਗਏ ਸਨ। ਏਜੰਟਾਂ ਦੀ ਅਣਜਾਣੇ ਵਿੱਚ ਨਕਸ਼ੇ ਤੇ ਘੁੰਮਾਈ ਇੱਕ ਉਂਗਲ ਨੇ ਕਈ ਘਰਾਂ ਦੇ ਜਗਦੇ ਚਿਰਾਗ ਬੁੱਝਾ ਦਿੱਤੇ ਸਨ।
ਇਹੋ ਜਿਹੀਆਂ ਔਖੀਆਂ ਰਾਹਾਂ ਦੀ ਦਾਸਤਾਨ ਨੂੰ ਹੂ-ਬ-ਹੂ ਬਿਆਨ ਕਰਨਾ ਬਹੁਤ ਕਠਿਨ ਕਾਰਜ਼ ਹੁੰਦਾ ਪਰ ਕੋਈ ਵੀ ਕੰਮ ਇਹੋ ਜਿਹਾ ਨਹੀਂ ਹੁੰਦਾ ਜੋ ਕੀਤਾ ਨਾ ਜਾ ਸਕੇ? ਕਿਉਂਕਿ ਜੋ ਕੰਮ ਕੀਤਾ ਗਿਆ ਹੈ ਉਸ ਨੂੰ ਪਹਿਲਾਂ ਕਿਸੇ ਨੇ ਤਾਂ ਜ਼ਰੂਰ ਕੀਤਾ ਹੋਵੇਗਾ? ਹਰ ਮਨੁੱਖ ਦੇ ਕੰਮ ਕਰਨ ਦੀ ਆਪਣੀ ਸਮਰੱਥਾ ਹੁੰਦੀ ਹੈ ਅਤੇ ਉਹ ਉਸ ਦਾਇਰੇ ਵਿੱਚ ਰਹਿਕੇ ਹੀ ਆਪਣਾ ਕੰਮ ਕਰਦਾ ਹੈ। ਇਨਸਾਨ ਨੂੰ ਆਪਣੇ ਦਾਇਰੇ ਵਿੱਚ ਰਹਿਕੇ ਹੀ ਕੰਮ ਕਰਨਾ ਚਾਹੀਦਾ ਹੈ ਜੋ ਇਸ ਤੋਂ ਬਾਹਰ ਜਾ ਕੇ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਨ ਦਰਅਸਲ ਉਹ ਆਪਣਾ ਆਪ ਵੀ ਗੁਵਾ ਬਹਿੰਦੇ ਆ।
ਹਮੇਸ਼ਾਂ ਹੀ ਆਪਣੀ ਸੋਚ ਅਤੇ ਸਮਝ ਦੀ ਵਰਤੋਂ ਕਰਨੀ ਬਹੁਤ ਜ਼ਰੂਰੀ ਆ, ਬੇਸ਼ੱਕ ਤੁਸੀਂ ਸਲਾਹ ਹਰੇਕ ਦੀ ਲਵੋ ਪਰ ਇਹ ਜ਼ਰੂਰੀ ਨਹੀਂ ਕਿ ਤੁਸੀਂ ਉਹਨਾਂ ਦੀ ਸਲਾਹ ਦਾ ਇਸਤੇਮਾਲ ਕਰੋ। ਕਿਸੇ ਦੂਜੇ ਦੇ ਮਹਿਲ ਦੇਖਕੇ ਕਦੀ ਵੀ ਆਪਣੀ ਝੁੱਗੀ ਨੂੰ ਨਹੀਂ ਢਾਉਣਾ ਚਾਹੀਦਾ? ਕੋਈ ਵੀ ਕਦਮ ਪੁੱਟਣ ਤੋਂ ਪਹਿਲਾਂ ਅਗਲਾ ਪੈਰ ਧਰਨ ਵਾਲੀ ਜਗ੍ਹਾ ਨੂੰ ਨਿਗ੍ਹਾ ਜ਼ਰੂਰ ਮਾਰ ਲੈਣੀ ਚਾਹੀਦੀ ਹੈ। ਕਈ ਵਾਰੀ ਕਾਹਲੀ ਵਿੱਚ ਲਏ ਗਏ ਫ਼ੈਸਲਿਆਂ ਦੇ ਸਿੱਟੇ ਬੜੇ ਹੀ ਭਿਆਨਕ ਨਿੱਕਲਦੇ ਹਨ। ਇਸੇ ਹੀ ਕਾਹਲੀ ਨੇ ਕਮਲ ਅਤੇ ਰੀਨਾ ਦੀ ਜ਼ਿੰਦਗੀ ਨੂੰ ਉੱਜਾੜਕੇ ਰੱਖ ਦਿੱਤਾ ਸੀ। ਕਮਲ ਤੇ ਰੀਨਾ ਨੇ ਕਿਵੇਂ ਅਮਰੀਕਾ ਪਹੁੰਚਣ ਲਈ ਜੱਦੋ ਜ਼ਹਿਦ ਕੀਤੀ ਅਤੇ ਮੈਕਸੀਕੋ ਦੇ ਜੰਗਲਾਂ ਵਿੱਚ ਡੌਂਕਰਾਂ ਵੱਲੋਂ ਕਿਸ ਤਰ੍ਹਾਂ ਬੇ-ਰਹਿਮੀ ਨਾਲ ਰੀਨਾ ਦੀ ਪੱਤ ਲੀਰੋ-ਲੀਰ ਕੀਤੀ ਗਈ। ਆਪਣੀ ਇਸ ਭੁੱਲ ਨੂੰ ਆਪਾਂ ਕਿਸਮਤ ਸਿਰ ਨਹੀਂ ਥੋਪ ਸਕਦੇ। ਆਪਾਂ ਹਰ ਵਾਰੀ ਆਪਣੀ ਗ਼ਲਤੀ ਨੂੰ ਕਿਸਮਤ ਦਾ ਲਿਖਿਆ ਜਾਂ ਫਿਰ ਰੱਬ ਦੀ ਇਹੋ ਮਰਜ਼ੀ ਸੀ ਕਹਿਕੇ ਚੁੱਪ ਬੈਠ ਜਾਨੇ ਆ, ਪਰ ਇੱਕ ਵਾਰ ਹਾਰ ਕੇ ਕਦੀ ਵੀ ਚੁੱਪ ਨਹੀਂ ਬਹਿਣਾ ਚਾਹੀਦਾ ਸਗੋਂ ਅੱਗੇ ਵਧਣ ਲਈ ਆਪਣੀ ਕੋਸ਼ਿਸ਼ ਹਮੇਸ਼ਾ ਕਰਦੇ ਰਹਿਣਾ ਚਾਹੀਦਾ ਹੈ। ਹਾਰ ਤੋਂ ਬਾਅਦ ਹੀ ਜਿੱਤ ਨਸੀਬ ਹੁੰਦੀ ਹੈ।
ਇਸ ਨਾਵਲ ਦੇ ਸਾਰੇ ਪਾਤਰਾਂ ਦੇ ਨਾਮ ਕਾਲਪਨਿਕ ਹਨ। ਕਿਸੇ ਵੀ ਨਾਂ ਦਾ ਜਿਊਂਣ ਜਾਂ ਮਰਨ ਨਾਲ ਕੋਈ ਸੰਬੰਧ ਨਹੀਂ ਹੈ। ਪਰ ਫਿਰ ਵੀ ਜੇਕਰ ਕੋਈ ਨਾਮ ਜਾਂ ਕੋਈ ਸਥਾਨ ਘਟਨਾ ਨਾਲ ਮੇਲ ਖਾ ਜਾਏ ਤਾਂ ਉਸ ਦਾ ਲੇਖਕ ਅਤੇ ਪ੍ਰਕਾਸ਼ਕ ਜ਼ਿੰਮੇਵਾਰ ਨਹੀਂ ਹੋਵੇਗਾ। ਨਾਵਲ “ਉਸ ਪਾਰ ਜ਼ਿੰਦਗੀ” ਦੇ ਪਾਤਰ ਤੇਜੀ ਦਾ ਨਾਮ ਕਿਸੇ ਕਾਰਨ ਕਰਕੇ ਬਦਲਣਾ ਪਿਆ ਹੁਣ ਇਸਦੇ ਦੂਜੇ ਭਾਗ “ਪਾਂਧੀ ਉਸ ਪਾਰ ਦੇ” ਵਿੱਚ ਉਸਨੂੰ ਗੇਜੀ ਦਾ ਨਾਮ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਤੁਸੀਂ ਮੇਰੇ ਕਾਵਿ ਸੰਗ੍ਰਹਿ ਅਤੇ ਨਾਵਲਾਂ ਨੂੰ ਬਹੁਤ ਪਿਆਰ ਦਿੱਤਾ ਹੈ। ਉਮੀਦ ਕਰਦਾ ਹਾਂ ਕਿ ਤੁਸੀਂ ਇਸ ਨਾਵਲ “ਪਾਂਧੀ ਉਸ ਪਾਰ ਦੇ” ਨੂੰ ਵੀ ਪਹਿਲਾਂ ਵਾਂਗ ਹੀ ਮਣਾਂ-ਮੂੰਹੀ ਦਿਲੋਂ ਪਿਆਰ ਬਖਸ਼ੋਗੇ। ਆਪ ਦੇ ਹੁੰਗਾਰੇ ਦੀ ਉਡੀਕ ਕਰਦਾ ਹੋਇਆ।
ਬਿੰਦਰ ਕੋਲੀਆਂ ਵਾਲ (ਇਟਲੀ)